ਰਾਏਕੋਟ, 22 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਲਈ ਰਾਏਕੋਟ ਸ਼ਹਿਰ ਦੇ ਸਮੁੱਚੇ 15 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਹਨ ਅਤੇ ਪਾਰਟੀ ਹਾਈਕਮਾਂਡ ਅਨੁਸਾਰ ਚੋਣ ਪ੍ਰਚਾਰ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਲਈ 26 ਮਈ ਨੂੰ ਵੋਟਿੰਗ ਵਾਲੇ ਦਿਨ ਰਾਏਕੋਟ ਸ਼ਹਿਰ ਦੇ ਸਮੂਹ ਵੋਟਰ ਚੋਣ ਨਿਸ਼ਾਨ 'ਤੱਕੜੀ' ਉੱਪਰ ਮੋਹਰ ਲਗਾ ਕੇ ਅਕਾਲੀ ਉਮੀਦਵਾਰਾਂ ਨੂੰ ਕਾਮਯਾਬ ਬਣਾਉਣ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਮੁੱਖ ਬੁਲਾਰਾ ਪ੍ਰਭਜੋਤ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਅਤੇ ਗਗਨਪ੍ਰੀਤ ਸਿੰਘ ਛੰਨਾਂ ਮੀਤ ਪ੍ਰਧਾਨ ਯੂਥ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਯੂਥ ਅਕਾਲੀ ਆਗੂਆਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਹੋਇਆ ਹੈ, ਇਸ ਲਈ ਰਾਏਕੋਟ ਦੇ ਲੋਕ ਇਸ ਵਾਰ ਬਦਲਾਅ ਚਾਹੁੰਦੇ ਹਨ | ਉਨ੍ਹਾਂ ਆਖਿਆ ਕਿ ਅਕਾਲੀ ਉਮੀਦਵਾਰਾਂ ਨੂੰ ਆਪਣੇ ਵਾਰਡਾਂ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ, ਜਿਸ ਨਾਲ ਨਤੀਜੇ ਅਕਾਲੀ ਦਲ ਪੱਖੀ ਆਉਣ ਦੀ ਪੂਰੀ ਉਮੀਦ ਹੈ |