ਰਾਊਵਾਲ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ
ਭੂੰਦੜੀ, 6 ਅਗਸਤ (ਕੁਲਦੀਪ ਸਿੰਘ ਮਾਨ)-ਮਿਸ਼ਨ ਫਾਰ ਆਤਮ ਨਿਰਭਰ ਇਨ ਪਲਸਿਸ ਸਕੀਮ ਤਹਿਤ ਸਰਕਲ ਭੂੰਦੜੀ, ਬਲਾਕ ਸਿੱਧਵਾਂ ਬੇਟ ਅਧੀਨ ਪਿੰਡ ਰਾਊਵਾਲ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਹ ਕੈਂਪ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ.
ਭੂੰਦੜੀ, 6 ਅਗਸਤ (ਕੁਲਦੀਪ ਸਿੰਘ ਮਾਨ)-ਮਿਸ਼ਨ ਫਾਰ ਆਤਮ ਨਿਰਭਰ ਇਨ ਪਲਸਿਸ ਸਕੀਮ ਤਹਿਤ ਸਰਕਲ ਭੂੰਦੜੀ, ਬਲਾਕ ਸਿੱਧਵਾਂ ਬੇਟ ਅਧੀਨ ਪਿੰਡ ਰਾਊਵਾਲ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਹ ਕੈਂਪ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਰਮਿੰਦਰ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫ਼ਸਰ ਭੂੰਦੜੀ ਡਾ. ਸ਼ੇਰ ਅਜੀਤ ਸਿੰਘ ਮੰਡ ਵੱਲੋਂ ਆਯੋਜਿਤ ਕੀਤਾ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਡਾ: ਰਮਿੰਦਰ ਸਿੰਘ ਨੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਝੋਨੇ ਦੀ ਫ਼ਸਲ ਵਿੱਚ ਆਉਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਦਵਿੰਦਰ ਸਿੰਘ ਤਿਵਾੜੀ ਨੇ ਮੂੰਗੀ ਦੀ ਫ਼ਸਲ ਵਿੱਚ ਕੀੜੇ-ਮਕੌੜਿਆਂ ਦੇ ਹਮਲੇ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਕੰਟਰੋਲ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਸ਼ੇਰ ਅਜੀਤ ਸਿੰਘ ਮੰਡ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਮੱਕੀ ਦੀ ਫ਼ਸਲ ਵਿੱਚ ਕੀੜਿਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਪੰਜਾਬ ਸਰਕਾਰ ਵੱਲੋਂ ਸਾਉਣੀ ਦੀ ਮੱਕੀ ਦੀ ਫ਼ਸਲ ’ਤੇ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਵਿਗਿਆਨਕ ਢੰਗ ਨਾਲ ਖਪਤ ਕਰਨ ਲਈ ਪ੍ਰੇਰਿਤ ਕੀਤਾ। ਖੇਤੀਬਾੜੀ ਉਪ ਨਿਰੀਖਕ ਵੱਲੋਂ ਮਿੱਟੀ ਦੀ ਪਰਖ ਦੇ ਮਹੱਤਵ ਅਤੇ ਇਸ ਤੋਂ ਮਿਲਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਏ.ਡੀ.ਓ. ਡਾ. ਹਰਸ਼ ਕੁਮਾਰ, ਏ.ਡੀ.ਓ. ਅਮਨਦੀਪ ਸ਼ਰਮਾ, ਏ.ਐੱਸ.ਆਈ. ਡਾ. ਐਸਪਾਲ, ਗੁਰਵੀਰ ਸਿੰਘ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟ੍ਰੇਨਿੰਗ ਵਿੱਚ ਭਾਗ ਲੈ ਕੇ ਮਾਹਿਰਾਂ ਨਾਲ ਆਪਣੇ ਸਵਾਲ-ਜਵਾਬ ਕੀਤੇ। ਅੰਤ ਵਿੱਚ ਪਿੰਡ ਦੇ ਸਰਪੰਚ ਸ. ਦਲਜੀਤ ਸਿੰਘ ਨੇ ਖੇਤੀਬਾੜੀ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਕੈਪਸ਼ਨ: ਰਾਊਵਾਲ ਵਿਖੇ ਕਿਸਾਨ ਸਿਖਲਾਈ ਕੈਂਪ ਦੌਰਾਨ ਡਾ. ਰਮਿੰਦਰ ਸਿੰਘ, ਡਾ. ਸ਼ੇਰ ਅਜੀਤ ਸਿੰਘ ਮੰਡ, ਨਾਲ ਸਰਪੰਚ ਦਲਜੀਤ ਸਿੰਘ ਤੇ ਹੋਰ ਕਿਸਾਨ। ਤਸਵੀਰ: ਕੁਲਦੀਪ ਸਿੰਘ ਮਾਨ