ਜਗਰਾਉਂ, 24 ਮਈ (ਸ਼ਮਸ਼ੇਰ ਸਿੰਘ ਗਾਲਿਬ)-ਵਾਰਡ ਨੰਬਰ-22 ਵਿਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੁਣਾਵੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ | ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਹਿਲਾਦ ਸਿੰਗਲਾ ਦੇ ਹੱਕ ਵਿੱਚ ਕੱਢੇ ਗਏ ਵਿਸ਼ਾਲ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਸਮੱਰਥਕਾਂ ਅਤੇ ਵਾਰਡ ਵਾਸੀਆਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ | ਰੋਡ ਸ਼ੋਅ ਦੌਰਾਨ ਪੂਰੇ ਇਲਾਕੇ ਵਿਚ ਚੋਣ ਜੋਸ਼ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ | ਇਸ ਮੌਕੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵੀ ਅੱਤ ਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ ਚੋਣ ਪ੍ਰਚਾਰ ਵਿੱਚ ਸਰਗਰਮ ਹਿੱਸਾ ਲਿਆ ਅਤੇ ਲੋਕਾਂ ਨਾਲ ਰੂਬ-ਰੂ ਹੋ ਕੇ ਪ੍ਰਹਿਲਾਦ ਸਿੰਗਲਾ ਦੇ ਹੱਕ ਵਿਚ ਵੋਟਾਂ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਲੋਕ ਭਲਾਈ ਲਈ ਕੀਤੇ ਕੰਮਾਂ ਨੂੰ ਦੇਖਦੇ ਹੋਏ ਜਨਤਾ ਵੱਡੇ ਪੱਧਰ 'ਤੇ ਸਮੱਰਥਨ ਦੇ ਰਹੀ ਹੈ | ਰੋਡ ਸ਼ੋਅ ਦੌਰਾਨ ਲੋਕਾਂ ਵੱਲੋਂ ਮਿਲ ਰਹੇ ਉਤਸ਼ਾਹ ਅਤੇ ਭਾਰੀ ਹੁੰਗਾਰੇ ਨੂੰ ਵੇਖਦਿਆਂ ਵਿਧਾਇਕਾ ਨੇ ਪ੍ਰਹਿਲਾਦ ਸਿੰਗਲਾ ਦੀ ਜਿੱਤ ਨੂੰ ਲੈ ਕੇ ਭਰੋਸਾ ਜਤਾਇਆ | ਵਾਰਡ ਵਾਸੀਆਂ ਨੇ ਵੀ ਵਿਕਾਸ ਦੇ ਮੁੱਦਿਆਂ ਨੂੰ ਅੱਗੇ ਰੱਖਦਿਆਂ ਆਪਣਾ ਸਮਰਥਨ ਦੇਣ ਦੀ ਗੱਲ ਕਹੀ | ਚੋਣ ਪ੍ਰਚਾਰ ਦੇ ਆਖਰੀ ਪੜਾਅ ਵਿੱਚ ਵਾਰਡ ਨੰਬਰ 22 ਦੀ ਸਿਆਸੀ ਸਰਗਰਮੀ ਹੋਰ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਸਾਰੇ ਉਮੀਦਵਾਰ ਆਪਣੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੇ ਹੋਏ ਹਨ | ਇਸ ਸਮੇਂ ਗੁਰਮੀਤ ਸਿੰਘ ਖਹਿਰਾ, ਬਲਦੇਵ ਸਿੰਘ ਮਣਕੂ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ ਢਿੱਲੋਂ, ਰਣਜੀਤ ਸਿੰਘ ਸੈਂਭੀ, ਸਨੀ ਮਲਹੋਤਰਾ, ਪ੍ਰਸੋਤਮ ਮਲਹੋਤਰਾ, ਸੁਖਦੇਵ ਸਿੰਘ ਸੈਬੀ ਆਦਿ ਹਾਜ਼ਰ ਸਨ |