ਰਾਏਕੋਟ, 25 ਮਈ (ਬਲਵਿੰਦਰ ਸਿੰਘ ਲਿੱਤਰ)-ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ (ਨ) ਪਬਲਿਕ ਸਕੂਲ ਝੋਰੜਾਂ, ਜੋ ਕਿ ਸੰਪ੍ਰਦਾਇ ਨਾਨਕਸਰ ਕਲੇਰਾਂ ਦੇ ਮੁਖੀ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਰਹਿਨੁਮਈ ਹੇਠ ਚੱਲ ਰਿਹਾ ਹੈ | ਪੇਂਡੂ ਅਤੇ ਸ਼ਹਿਰੀ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ | ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ (ਨ) ਸਕੂਲ ਝੋਰੜਾਂ ਦੇ ਵਿਦਿਆਰਥੀਆਂ ਨੇ ਡੀ.ਜੀ.ਐੱਸ.ਈ. ਸਕੂਲ ਲੁਧਿਆਣਾ ਵਿਖੇ ਹੋਏ ਸਹੋਦਿਆ ਸ਼ਬਦ ਗਾਇਨ ਮੁਕਾਬਲਿਆਂ 'ਚ ਹਿੱਸਾ ਲਿਆ ਅਤੇ ਸਕੂਲ ਦੀਆਂ ਤਿੰਨ ਟੀਮਾਂ ਜੂਨੀਅਰ, ਮਿਡਲ ਤੇ ਸੀਨੀਅਰ ਗਰੁੱਪ ਨੇ ਸੰਗੀਤ ਅਧਿਆਪਕ ਕੁਲਦੀਪ ਸਿੰਘ ਤੇ ਹਰਗੁਣਪ੍ਰੀਤ ਕੌਰ ਦੀ ਅਗਵਾਈ ਹੇਠ ਮੁਕਾਬਲਿਆਂ 'ਚ ਭਾਗ ਲਿਆ | ਜਿਸ ਦੌਰਾਨ ਇੰਨ੍ਹਾਂ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਮਿਡਲ ਗਰੁੱਪ ਵਿਚ ਦੂਜਾ ਸਥਾਨ ਅਤੇ ਸੀਨੀਅਰ ਗਰੁੱਪ ਵਿਚ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਪਿ੍ੰਸੀਪਲ ਪਲਵਿੰਦਰ ਸਿੰਘ ਚੀਮਾ ਨੇ ਮਿਊਜ਼ਿਕ ਅਧਿਆਪਕ ਕੁਲਦੀਪ ਸਿੰਘ, ਹਰਗੁਣਪ੍ਰੀਤ ਕੌਰ ਤੇ ਟੀਮਾਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ ਅੱਗੇ ਵੀ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਆਖਿਆ ਕਿ ਉਹ ਅਤੇ ਉਨ੍ਹਾਂ ਦਾ ਸਮੁੱਚਾ ਸਟਾਫ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਰਹਿੰਦਾ ਹੈ, ਜਿਸ ਲਈ ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਜਾਗਰੂਕ ਕਰਦੇ ਹਨ |