ਮੁੱਲਾਂਪੁਰ-ਦਾਖਾ, 25 ਮਈ (ਨਿਰਮਲ ਸਿੰਘ ਧਾਲੀਵਾਲ)-ਪਿੰਡ ਮੋਹੀ (ਲੁਧਿ:) ਵਿਖੇ ਫਰੀਡਮ ਫਾਈਟਰ ਦੇ ਪਰਿਵਾਰ ਨੂੰ ਮਹਿਕਮਾ ਮਾਲ ਵਿਭਾਗ ਸਰਕਾਰੀ ਰਸਤੇ ਦੀ ਨਿਸ਼ਾਨਦੇਹੀ ਕਰਵਾਉਣ ਲਈ ਕੋਈ ਰਾਹ ਨਹੀਂ ਦੇ ਰਿਹਾ | ਕਾਨੂੰਨਗੋ ਹਲਕਾ ਮੋਹੀ ਤੇ ਦਾਖਾ, ਸਬ ਤਹਿਸੀਲ ਮੁੱਲਾਂਪੁਰ ਦੇ ਨਾਇਬ ਤਹਿਸੀਲਦਾਰ ਨੂੰ ਮੀਮੋ ਨੰਬਰ ਲਗਾ ਕੇ ਜ਼ਿਲ੍ਹਾ ਮਾਲ ਅਫ਼ਸਰ ਲੁਧਿਆਣਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਹਦਾਇਤ ਹੋਈ ਕਿ ਪਿੰਡ ਮੋਹੀ 'ਚ ਉਕਤ ਪਰਿਵਾਰ ਦਾ ਕੰਮ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ | ਪ੍ਰਭਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਪੋਤਰਾ ਫਰੀਡਮ ਫਾਈਟਰ ਸਵ: ਜੋਗਿੰਦਰ ਸਿੰਘ ਦੱਸਿਆ ਕਿ ਪਿੰਡ ਮੋਹੀ ਵਿਖੇ ਸਾਡੇ ਖੇਤ ਨੂੰ ਜਾਣ ਲਈ ਸਰਕਾਰੀ ਪਹੀ ਲੱਗਦੀ ਹੈ, ਇਹ ਪਹੀ (ਰਸਤਾ) ਦੋਵਾਂ ਸਾਈਡਾਂ ਦੇ ਕਿਸਾਨਾਂ ਵਲੋਂ ਕੱਟ ਕੇ ਆਪਣੇ ਖੇਤ ਵਿਚ ਰਲਾਇਆ ਹੋਣ ਨਾਲ ਉਨ੍ਹਾਂ ਨੂੰ ਆਪਣੇ ਖੇਤ ਜਾਣ ਲਈ ਕੰਬਾਇਨ, ਟਰੈਕਟਰ ਲਿਜਾਣਾ ਔਖਾ ਹੋਇਆ ਰਹਿੰਦਾ | ਗੁਰਮੀਤ ਸਿੰਘ ਦੱਸਿਆ ਕਿ ਪਹਿਲਾਂ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਐੱਮ.ਏ ਸ਼ਾਖਾ ਵਲੋਂ ਪਿੱਠ ਅੰਕਣ ਨੰਬਰ 5070, ਫਿਰ ਜ਼ਿਲ੍ਹਾ ਮਾਲ ਅਫ਼ਸਰ ਲੁਧਿਆਣਾ ਵਲੋਂ ਨੰਬਰ 13730, 13732 ਸਾਲ 2026/19/01 ਦੇ ਪੱਤਰ 'ਤੇ ਮਹਿਕਮਾ ਮਾਲ ਸਬ ਤਹਿਸੀਲ ਮੁੱਲਾਂਪੁਰ ਨਾਲ ਸਬੰਧਿਤ ਨਾਇਬ ਤਹਿਸੀਲਦਾਰ, ਕਾਨੂੰਗੋ ਹਲਕਾ ਮੋਹੀ, ਕਾਨੂੰਨਗੋ ਹਲਕਾ ਦਾਖਾ ਕੋਈ ਵੀ ਪੱਲਾ ਨਹੀਂ ਫੜਾ ਰਿਹਾ | ਮਾ: ਗੁਰਮੀਤ ਸਿੰਘ ਕਿਹਾ ਕਿ ਉਕਤ ਪਿੱਠ ਅੰਕਣ ਵਾਲੇ ਪੱਤਰਾਂ ਨੂੰ ਵੇਖ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਹਿਸਾਬ ਲਾ ਲੈਣਾ ਚਾਹੀਦਾ ਕਿ ਉਨ੍ਹਾਂ ਦਾ ਕੰਮ ਆਪ ਪਾਰਟੀ ਸਰਕਾਰ 'ਚ ਕਿੰਨਾ ਕੁ ਹੁੰਦਾ |