ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਤੇ ਚਾਟੀਵਿੰਡ ਚੌਕ ਵਿਖੇ ਸਥਿਤ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਹਰ ਐਤਵਾਰ ਨੂੰ ਪੰਜਾਬ ਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਕਰੀਬ ਦੋ ਲੱਖ ਸੰਗਤਾਂ ਚੁਪਹਿਰਾ ਸਮਾਗਮ ਵਿਚ ਸ਼ਰਧਾ ਸਹਿਤ ਸ਼ਾਮਿਲ ਹੋਣ ਪੁੱਜਦੀਆਂ ਹਨ। ਬੀਤੇ ਦਿਨ ਇਸ ਗੁਰਦੁਆਰਾ ਸਾਹਿਬ ਵਿਖੇ ਨਿਰਮਾਣ ਅਧੀਨ ਲੰਗਰ ਤੇ ਪਾਰਕਿੰਗ ਦੀ ਬਹੁਮੰਜ਼ਿਲਾ ਇਮਾਰਤ ਦੀ ਚੱਲ ਰਹੀ ਕਾਰ ਸੇਵਾ ਦੌਰਾਨ ਲੈਂਟਰ ਪਾਉਣ ਲਈ ਲਗਾਈਆਂ ਗਈਆਂ ਲੋਹੇ ਦੀਆਂ ਸ਼ਟਰਿੰਗ ਪਲੇਟਾਂ ਦੇ ਅਚਾਨਕ ਡਿੱਗ ਪੈਣ ਜਾਣ ਕਰਕੇ ਚੁਪਹਿਰੇ ਵਿਚ ਸ਼ਾਮਿਲ ਪਿੰਡ ਸਠਿਆਲਾ (ਅੰਮ੍ਰਿਤਸਰ) ਅਤੇ ਤਰਨ ਤਾਰਨ ਨਿਵਾਸੀ ਦੋ ਸ਼ਰਧਾਲੂ ਬੀਬੀਆਂ ਦੀ ਮੌਤ ਹੋ ਗਈ ਸੀ ਤੇ ਇਕ ਬੱਚੀ ਸਮੇਤ 8 ਦੇ ਕਰੀਬ ਸ਼ਰਧਾਲੂ ਬੀਬੀਆਂ ਜ਼ਖ਼ਮੀਂ ਹੋ ਗਈਆਂ ਸਨ। ਇਸ ਇਮਾਰਤ ਦੇ ਨਿਰਮਾਣ ਸਮੇਤ ਗੁਰਦੁਆਰਾ ਸਾਹਿਬ ਵਿਖੇ ਬਹੁਮੰਜ਼ਿਲਾ ਪਾਰਕਿੰਗ ਅਤੇ ਨਾਲ ਲੱਗਦੀਆਂ ਥਾਵਾਂ ਦੀ ਖ੍ਰੀਦ ਕਰਕੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਦਾ ਵਿਸਤਾਰ, ਰੰਗ ਰੋਗਨ ਅਤੇ ਸੁੰਦਰੀਕਰਨ ਦੀ ਕਾਰ ਸੇਵਾ ਪਿਛਲੇ ਸਮੇਂ ਤੋਂ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਿਆਂ ਵਲੋਂ ਸੰਤ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵਲੋਂ ਕਰਵਾਈ ਜਾ ਰਹੀ ਹੈ। ਭਾਵੇਂ ਕਿ ਚੁਪਹਿਰੇ ਵਾਲੇ ਦਿਨ ਕਾਰ ਸੇਵਾ ਨਿਰਮਾਣ ਦਾ ਕਾਰਜ ਸੰਗਤਾਂ ਦੀ ਵੱਡੀ ਆਮਦ ਕਾਰਨ ਬੰਦ ਰੱਖਿਆ ਜਾਂਦਾ ਹੈ, ਪਰ ਫਿਰ ਵੀ ਕੁਝ ਸਾਲਾਂ ਤੋਂ ਐਤਵਾਰ ਨੂੰ ਸੁੱਖਣਾ ਮੰਗਣ ਜਾਂ ਪੂਰੀ ਕਰਨ ਲਈ ਐਤਵਾਰ ਨੂੰ ਚੁਪਹਿਰੇ ਸਮੇਂ ਦੂਰੋਂ ਨੇੜਿਓਂ ਵੱਡੀ ਗਿਣਤੀ, ਭਾਵ ਕਰੀਬ ਦੋ ਲੱਖ ਪੁੱਜਦੀਆਂ ਸੰਗਤਾਂ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਪਰਿਕਰਮਾ ਵਿਚ ਜਗ੍ਹਾ ਫੁੱਲ ਹੋ ਜਾਣ ਕਾਰਨ ਸੰਗਤਾਂ ਗੁਰਦੁਅਰਾ ਸਾਹਿਬ ਦੇ ਬਾਹਰ ਗਰਮੀ ਸਰਦੀ ਦੀ ਪਰਵਾਹ ਕੀਤੇ ਬਿਨਾਂ ਸੜਕ 'ਤੇ ਹੀ ਸ਼ਰਧਾ ਸਹਿਤ ਬੈਠ ਜਾਂਦੀਆਂ ਹਨ ਤੇ ਕਈ ਵਾਰ ਬੀਤੇ ਦਿਨ ਵਾਗ ਛਾਂ ਤੇ ਥਾਂ ਦੀ ਭਾਲ ਵਿਚ ਨਿਰਮਾਣ ਅਧੀਨ ਇਮਾਰਤਾਂ ਵਿਚ ਵੀ ਜਾ ਕੇ ਬੈਠ ਜਾਂਦੀਆਂ ਹਨ ਅਤੇ ਚੁਪਹਿਰੇ ਦੌਰਾਨ ਕਰੀਬ 4-5 ਘੰਟੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਕਰਦੀਆਂ ਹਨ। ਭਾਵੇਂ ਗੁਰਦੁਆਰਾ ਪ੍ਰਬੰਧਕਾਂ ਵਲੋਂ ਸੰਗਤਾਂ ਲਈ ਸ਼ਮਿਆਨੇ ਤੇ ਗਰਮੀਆਂ ਵਿਚ ਪੱਖਿਆਂ ਕੂਲਰਾਂ ਅਤੇ ਪੀਣ ਵਾਲੇ ਪਾਣੀ ਤੇ ਲੰਗਰ ਆਦਿ ਦੇ ਪ੍ਰਬੰਧ ਕੀਤੇ ਜਾਂਦੇ ਹਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਗੁਰਦੁਆਰਾ ਸਾਹਿਬ ਦੀਆਂ ਆਸ ਪਾਸ ਦੀਆਂ ਸੜਕ ਤੋਂ ਸ਼ਰਧਾਲੂਆਂ ਦੀ ਸਹੂਲਤ ਲਈ ਐਤਵਾਰ ਨੂੰ ਇਸ ਸਮੇਂ ਦੌਰਾਨ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਜਾਂਦਾ ਹੈ, ਪਰ ਬਹੁਤੀ ਵਾਰ ਇਹ ਪ੍ਰਬੰਧਕ ਨਾਕਾਫੀ ਸਾਬਿਤ ਹੁੰਦੇ ਹਨ। ਸ਼ਹਿਰ ਦੀਆਂ ਸੰਗਤਾਂ ਤੇ ਹੋਰ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਵੀ ਆਪਣੇ ਪੱਧਰ 'ਤੇ ਚੁਪਹਿਰੇ ਲਈ ਦੂਰੋਂ ਨੇੜਿਓਂ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਪ੍ਰਸ਼ਾਦਾ, ਪੀਣ ਵਾਲਾ ਪਾਣੀ, ਚਾਹ ਦੁੱਧ, ਮੈਡੀਕਲ ਸਹਾਇਤਾ, ਵਾਹਨ ਪਾਰਕਿੰਗ ਅਤੇ ਹੋਰ ਕਈ ਤਰ੍ਹਾਂ ਦੇ ਪ੍ਰਬੰਧਾਂ ਲਈ ਨਿਸ਼ਕਾਮ ਸਹਿਯੋਗ ਦਿੱਤਾ ਜਾਂਦਾ ਹੈ। ਬੀਤੇ ਦਿਨ ਚੁਪਹਿਰੇ ਸਮੇਂ ਸ਼ਟਰਿੰਗ ਲਈ ਬਹੁਮੰਜ਼ਿਲਾ ਇਮਾਰਤ 'ਤੇ ਲਗਾਈਆਂ ਗਈਆਂ ਪਲੇਟਾਂ ਡਿੱਗਣ ਦਾ ਕਾਰਨ ਤੇਜ਼ ਹਨੇਰੀ ਦਾ ਆਉਣਾ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਮੇਜਰ ਸਿੰਘ ਅਰਜਨ ਮਾਂਗਾ ਨੇ ਦੱਸਿਆ ਕਿ ਭਾਵੇਂ ਸੰਗਤਾਂ ਦੀ ਹਰ ਐਤਵਾਰ ਨੂੰ ਜ਼ਿਆਦਾ ਆਮਦ ਨੂੰ ਮੁੱਖ ਰੱਖਦਿਆਂ ਭਾਵੇਂ ਪਹਿਲਾਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ਪਰ ਬੀਤੇ ਦਿਨ ਦੇ ਹਾਦਸੇ ਉਪਰੰਤ ਅੱਜ ਮੁੜ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਮੈਨੇਜਰ ਅਤੇ ਸਟਾਫ ਨਾਲ ਵਿਸ਼ੇਸ਼ ਮੀਟਿੰਗ ਕਰਕੇ ਅੱਗੇ ਤੋਂ ਸੰਗਤਾਂ ਦੀ ਸੁਰੱਖਿਆ ਲਈ ਵੀ ਹੋਰ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਿਰਮਾਣ ਅਧੀਨ ਇਮਾਰਤਾਂ ਵੱਲ ਸੰਗਤਾਂ ਨੂੰ ਨਾ ਜਾਣ ਦੇਣ ਲਈ ਬੈਰੀਕੇਡਿੰਗ ਕਰਨ ਜਾਂ ਲੋੜੀਂਦੇ ਹੋਰ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ। ਇਸੇ ਦੌਰਾਨ ਮੁੱਖ ਮੈਨੇਜਰ ਮੇਜਰ ਸਿੰਘ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਜਿਹੜੀਆਂ ਦੋ ਸ਼ਰਧਾਲੂ ਬੀਬੀਆਂ ਦੀ ਸ਼ਟਰਿੰਗ ਪਲੇਟਾਂ ਡਿੱਗਣ ਕਾਰਨ ਮੌਤ ਹੋ ਗਈ ਸੀ, ਵਿਚੋਂ ਬੀਬੀ ਰਾਜ ਰਾਣੀ ਵਾਸੀ ਸਠਿਆਲਾ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਤੇ ਦੂਜੀ ਬੀਬੀ ਪਲਵਿੰਦਰ ਕੌਰ, ਵਾਸੀ ਪੁਲਿਸ ਲਾਈਨ ਤਰਨ ਤਾਰਨ ਦੀ ਵਸਨੀਕ ਸੀ, ਉਸਦੇ ਪਰਿਵਾਰ ਵਲੋਂ ਸਸਕਾਰ ਕੱਲ੍ਹ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਇਸ ਘਟਨਾ ਵਿਚ ਜ਼ਖ਼ਮੀ ਹੋਈਆਂ 8 ਦੇ ਕਰੀਬ ਹੋਰ ਸ਼ਰਧਾਲੂ ਬੀਬੀਆਂ ਵਿਚੋਂ ਇਕ ਅਮਨਦੀਪ ਮੈਡੀਸਿਟੀ ਅਤੇ ਬਾਕੀ ਮਰੀਜ਼ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਿਖੇ ਜ਼ੇਰੇ ਇਲਾਜਮ ਹਨ ਤੇ ਬਹੁਤੇ ਮਰੀਜ਼ਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਤੇ ਉਨ੍ਹਾਂ ਨੂੰ ਆਈ. ਸੀ. ਯੂ. ਵਿਚੋਂ ਕਮਰਿਆਂ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹਾਦਸੇ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਸਮੇਤ ਜਿੱਥੇ ਘਟਨਾ ਸਥਾਨ 'ਤੇ ਪੁੱਜੇ ਸਨ। ਉੱਥੇ ਉਨ੍ਹਾਂ ਇਸ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਈਆਂ ਦੋ ਸ਼ਰਧਾਲੂ ਬੀਬੀਆਂ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਿਆਂ ਵਲੋਂ ਦੋ-ਦੋ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਹਸਪਤਾਲ ਵਿਖੇ ਪੁੱਜ ਕੇ ਜ਼ਖ਼ਮੀਆਂ ਦਾ ਹਾਲ ਚਾਲ ਜਾਣਦਿਆਂ ਉਨ੍ਹਾਂ ਦਾ ਇਲਾਜ ਵੀ ਸ਼੍ਰੋਮਣੀ ਕਮੇਟੀ ਵਲੋਂ ਕਰਾਉਣ ਦਾ ਵੀ ਐਲਾਨ ਕੀਤਾ। ਇੱਥੇ ਇਹ ਜ਼ਿਕਰਯੋਗ ਹੈ ਕਿ ਮੌਸਮ ਦੀ ਪ੍ਰਵਾਹ ਨਾ ਕੀਤੇ ਬਿਨਾਂ ਹਰ ਧਰਮ ਨਾਲ ਸੰਬੰਧਿਤ ਸ਼ਰਧਾਲੂਆਂ ਦੀ ਹਰ ਐਤਵਾਰ ਨੂੰ ਚੁਪਹਿਰਾ ਸਮਾਗਮ ਵਿਚ ਦਿਨੋਂ ਦਿਨ ਵੱਧ ਲਈ ਆਮਦ ਤੇ ਉਨ੍ਹਾਂ ਦੀ ਲੋੜੀਂਦੇ ਪ੍ਰਬੰਧ ਕਰਨਾ ਸ਼੍ਰੋਮਣੀ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਚੁਣੌਤੀ ਬਣੀ ਹੋਈ ਹੈ।
ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਹਰ ਐਤਵਾਰ 'ਚੁਪਹਿਰਾ' ਸਮਾਗਮ 'ਚ ਦੂਰੋਂ ਨੇੜਿਓਂ 2 ਲੱਖ ਦੇ ਕਰੀਬ ਪੁੱਜਦੀਆਂ ਹਨ ਸੰਗਤਾਂ
ਅਜੀਤ ਡੈਸਕ
26-05-2026