ਜਗਰਾਉਂ, 25 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਵਾਰਡ ਨੰਬਰ 19 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਲਲਿਤਾ ਦੇ ਹੱਕ ਵਿਚ ਹਲਕਾ ਇੰਚਾਰਜ ਐੱਸ.ਆਰ. ਕਲੇਰ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਘਰ-ਘਰ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਉਮੀਦਵਾਰ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਇਕ-ਇਕ ਵੋਟ ਚੋਣ ਨਿਸ਼ਾਨ ਤੱਕੜੀ 'ਤੇ ਪਾ ਕੇ ਅਕਾਲੀ ਉਮੀਦਵਾਰ ਨੂੰ ਕਾਮਯਾਬ ਕੀਤਾ ਜਾਵੇ ਤਾਂ ਜੋ ਵਾਰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਸਕੇ | ਚੋਣ ਪ੍ਰਚਾਰ ਦੌਰਾਨ ਇਲਾਕਾ ਵਾਸੀਆਂ ਵਲੋਂ ਭਰਪੂਰ ਪਿਆਰ, ਸਤਿਕਾਰ ਅਤੇ ਸਹਿਯੋਗ ਮਿਲਿਆ, ਜਿਸ ਨਾਲ ਟੀਮ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਮੌਕੇ ਰੂਬੀ ਠੇਕੇਦਾਰ, ਲੇਖ ਰਾਜ, ਹਲਕਾ ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ |