ਰਾਏਕੋਟ, 27 ਮਈ (ਬਲਵਿੰਦਰ ਸਿੰਘ ਲਿੱਤਰ)-ਬਰਨਾਲਾ ਚੌਂਕ ਨਜ਼ਦੀਕ ਜਗਰਾਉਂ ਰੋਡ 'ਤੇ ਸਥਿਤ ਇਕ ਕਬਾੜ ਦੀ ਦੁਕਾਨ ਨੂੰ ਅੱਜ ਦੁਪਹਿਰ 12:30 ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਦੁਕਾਨ ਵਿਚ ਪਿਆ ਸਾਰਾ ਸਾਮਾਨ ਅੱਗ ਦੀ ਲਪੇਟ 'ਚ ਆ ਕੇ ਸੜ੍ਹ ਕੇ ਸੁਆਹ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਜੰਟੀ ਪੁੱਤਰ ਜਾਪਾਨ ਨੇ ਦੱਸਿਆ ਕਿ ਉਸ ਨੇ ਪਿਛਲੇ ਇਕ ਮਹੀਨੇ ਤੋਂ ਰੋਜ਼ੀ-ਰੋਟੀ ਕਮਾਉਣ ਖ਼ਾਤਰ ਇਸ ਦੁਕਾਨ ਵਿਚ ਕਬਾੜ ਦਾ ਕੰਮ ਸ਼ੁਰੂ ਕੀਤਾ ਸੀ, ਪ੍ਰੰਤੂ ਅੱਜ ਅੱਗ ਲੱਗਣ ਦੀ ਘਟਨਾ ਕਾਰਨ ਉਸ ਦਾ ਦੁਕਾਨ ਵਿਚ ਪਿਆ ਲਗਭਗ 20-25 ਹਜ਼ਾਰ ਰੁਪਏ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ | ਇਸ ਘਟਨਾ ਕਾਰਨ ਉਸ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪੁੱਜੀ ਅਤੇ ਆਸਪਾਸ ਦੇ ਲੋਕਾਂ ਦੀ ਮੱਦਦ ਨਾਲ ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਇਸ ਘਟਨਾ ਸਬੰਧੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ, ਜਿਨ੍ਹਾਂ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ |