ਜਗਰਾਉਂ, 27 ਮਈ (ਸ਼ਮਸ਼ੇਰ ਸਿੰਘ ਗਾਲਿਬ)-ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ 30 ਮਈ ਦਿਨ ਸ਼ਨੀਵਾਰ ਸਵੇਰੇ ਠੀਕ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ 'ਚ ਫਿਰਕੂ ਫਾਸ਼ੀ ਅਤੇ ਆਰਥਿਕ ਹੱਲੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ ਸੂਬਾ ਕਮੇਟੀ ਮੈਂਬਰ ਜਸਵੰਤ ਜੀਰਖ ਨੇ ਦੱਸਿਆ ਕਿ ਹਾਕਮ ਪਾਰਟੀਆਂ ਵਲੋਂ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਆਮ ਜਨਤਾ 'ਤੇ ਠੋਸੀ ਜਾ ਰਹੀ ਫੁੱਟ ਪਾਉ ਰਾਜਨੀਤੀ ਖ਼ਿਲਾਫ਼, ਵਿਸ਼ੇਸ਼ ਸੰਘਣੀ ਪੜਤਾਲ (ਐੱਸ.ਆਈ.ਆਰ) ਤਹਿਤ ਬੰਗਾਲ 'ਚ ਵੱਡੇ ਪੱਧਰ 'ਤੇ ਲੋਕਾਂ ਦੇ ਵੋਟ ਦੇ ਜਮਹੂਰੀ ਹੱਕਾਂ 'ਤੇ ਡਾਕਾ ਮਾਰਨ ਤੋਂ ਬਾਅਦ ਪੰਜਾਬ 'ਚ ਵੀ ਇਹੀ ਕੁੱਝ ਕਰਨ ਖ਼ਿਲਾਫ਼, ਦੇਸ਼ ਭਰ 'ਚ ਲੋਕ ਸਭਾ ਹਲਕਿਆਂ ਦੀ ਗਿਣਤੀ ਵਧਾ ਕੇ ਸੱਤਾ 'ਤੇ ਭਾਜਪਾ ਵਲੋਂ ਪੱਕਾ ਕਬਜ਼ਾ ਕਰਨ ਖ਼ਿਲਾਫ਼ ਇਸ ਸੂਬਾਈ ਕਨਵੈਨਸ਼ਨ ਵਿਚ ਆਵਾਜ਼ ਉਠਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ 'ਚ ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਨੇ ਗੁੰਡਾਗਰਦੀ ਦਾ ਜੋ ਨੰਗਾ ਨਾਚ ਕੀਤਾ ਹੈ, ਬਾਰੇ ਇਸ ਕਨਵੈਨਸ਼ਨ 'ਚ ਸਖ਼ਤ ਨੋਟਿਸ ਲਿਆ ਜਾਵੇਗਾ |