ਮੁੱਲਾਂਪੁਰ-ਦਾਖਾ, 8 ਜੂਨ (ਨਿਰਮਲ ਸਿੰਘ ਧਾਲੀਵਾਲ)-ਆਲੂ ਫ਼ਸਲ ਤੋਂ ਬਾਅਦ ਆਲੂ ਵਾਲੇ ਖੇਤਾਂ 'ਚ ਮੱਕੀ, ਮੂੰਗੀ ਦੀ ਬੰਪਰ ਫ਼ਸਲ ਲੱਗਦਾ ਇਸ ਵਾਰ ਕਿਸਾਨਾਂ ਨੂੰ ਆਲੂਆਂ 'ਚ ਪਿਆ ਘਾਟ ਪੂਰਾ ਕਰ ਦੇਵੇਗੀ | ਮਾਲਵਾ ਖੇਤਰ 'ਚ ਮੱਕੀ ਦੀ ਵੱਡੀ ਮੰਡੀ ਦਾਖਾ ਮਾਰਕੀਟ ਕਮੇਟੀ ਅਧੀਨ ਰਕਬਾ/ਮੁੱਲਾਂਪੁਰ ਮੰਡੀ ਫੜ੍ਹਾਂ 'ਚ ਅਗੇਤੀ ਮੱਕੀ ਦੀ ਆਮਦ ਸ਼ੁਰੂ ਹੋ ਗਈ | ਮੱਕੀ ਦੀ ਫ਼ਸਲ ਲੈ ਕੇ ਦਾਣਾ ਮੰਡੀ ਮੁੱਲਾਂਪੁਰ ਪਹੁੰਚੇ ਕਿਸਾਨ ਅਤੇ ਮੰਡੀ ਮਜਦੂਰਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਅਗੇਤੀ ਮੱਕੀ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ, ਹਾੜ੍ਹ ਦੀ ਸੰਗਰਾਂਦ ਤੋਂ ਲੈ ਕੇ ਮੱਕੀ ਦੀ ਕਟਾਈ ਅਤੇ ਮੰਡੀਕਰਨ ਜੋਰ ਫੜ ਜਾਵੇਗਾ | ਇਲਾਕੇ ਭਰ ਦੇ ਸੈਕੜੇ ਪਿੰਡਾਂ ਤੋਂ ਇਲਾਵਾ ਸ਼ਾਹਕੋਟ, ਬਰਨਾਲਾ ਤੱਕ ਕਿਸਾਨ ਮੱਕੀ ਦੀ ਵਿਕਰੀ ਲਈ ਮਾਰਕੀਟ ਕਮੇਟੀ ਦਾਖਾ ਅਧੀਨ ਮੰਡੀ ਨੂੰ ਉਚਿਤ ਮੰਨਦੇ ਹਨ | ਸਰਕਾਰੀ ਖਰੀਦ ਨਾਲੋਂ ਪ੍ਰਾਈਵੇਟ ਵਪਾਰੀ, ਪੋਲਟਰੀ, ਫੀਡਮਿੱਲਾਂ, ਸ਼ਰਾਬ ਇੰਡਸਟਰੀ ਲਈ ਮੱਕੀ ਖਰੀਦਣ ਵਾਸਤੇ ਦਾਣਾ ਮੰਡੀ ਮੁੱਲਾਂਪੁਰ ਨੂੰ ਹੱਬ ਮੰਨਦਿਆਂ ਮੋਗਾ-ਖੰਨਾ ਦਾ ਵੱਡਾ ਵਪਾਰੀ ਮੱਕੀ ਦੀ ਖਰੀਦ ਲਈ ਮੰਡੀ ਮੁੱਲਾਂਪੁਰ ਪਹੁੰਚਦਾ ਹੈ | ਟੇਢਾ ਕਹੀਏ ਜਾਂ ਸਿੱਧਾ ਦਾਖਾ ਮਾਰਕੀਟ ਕਮੇਟੀ ਲਈ ਇਹ ਮੱਕੀ ਕਮਾਈ ਵਾਲੀ ਘੱਟ ਅਤੇ ਮੰਡੀ ਅਫ਼ਸਰਾਂ ਮੁੱਠੀ ਗਰਮ ਲਈ ਵੱਧ ਸਹਾਈ ਹੈ, ਕਿਉਂਕਿ ਇਕ ਫ਼ੀਸਦੀ ਮਾਰਕੀਟ ਫ਼ੀਸ ਅਤੇ 2 ਫ਼ੀਸਦੀ ਆਰ. ਡੀ. ਐੱਫ. ਵਾਲੀ ਇਸ ਫ਼ਸਲ ਦਾ ਬਹੁਤਾ ਹਿਸਾਬ-ਕਿਤਾਬ ਮਾਰਕੀਟ ਦਫ਼ਤਰ ਦੇ ਬਾਹਰੋ-ਬਾਹਰ ਹੋਈ ਜਾਂਦਾ | ਕੈਟਲ ਫੀਡ ਦੇ ਨਾਂਅ 'ਤੇ ਸਰਕਾਰ ਨੂੰ ਚੂਨਾ-ਮਿਲੀਭੁਗਤ ਕਰਕੇ ਮੱਕੀ ਦੀ ਲੱਖਾਂ ਬੋਰੀ ਅਜਿਹੀਆਂ ਫੀਡ ਮਿੱਲਾਂ ਖਰੀਦ ਕੇ ਲੈ ਜਾਂਦੀਆਂ, ਜਿਨ੍ਹਾਂ ਕੋਲ ਫੀਡ ਹਜ਼ਾਰ ਬੋਰੀ ਵੀ ਨਹੀਂ ਬਣਦੀ, ਮੱਕੀ ਲੱਖ ਬੋਰੀ ਖਰੀਦ ਜਾਂਦੇ ਹਨ | ਸ਼ੈੱਲਰਾਂ ਦੇ ਅੰਦਰ ਕਈ ਨਿੱਜੀ ਫੜ੍ਹ/ਉਜਾੜ ਕੋਲ ਮੱਕੀ ਸੁਕਾਉਣ, ਤੋਲ, ਭਰਾਈ, ਲੱਦਾਈ, ਲੁਹਾਈ ਦੀ ਕੋਈ ਮਨਜੂਰੀ ਨਹੀਂ, ਬਿਨਾਂ ਮਨਜ਼ੂਰੀ ਅਜਿਹੇ ਉਜਾੜ-ਫੜ੍ਹ ਵੀ ਮਾਰਕੀਟ ਕਮੇਟੀ ਦੇ ਰਹਿਮੋ ਕਰਮ 'ਤੇ ਚੱਲੀ ਜਾਂਦੇ ਹਨ | ਫੀਡ ਮਿੱਲ੍ਹ ਵਿਕ੍ਰੇਤਾ ਸਜਨ ਬਾਂਸਲ, ਕਈ ਹੋਰਨਾਂ ਨਾਲ ਉਕਤ ਹੇਰ-ਫੇਰ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਮੰਨਿਆ ਕਿ ਪਿਛਲੇ ਵਰ੍ਹੇ ਦਾਖਾ ਮਾਰਕੀਟ ਕਮੇਟੀ ਨੂੰ ਕਰੋੜ ਤੋਂ ਵੱਧ ਚੂਨਾ ਲੱਗਿਆ | ਉਨ੍ਹਾਂ ਦੱਸਿਆ ਕਿ ਫੀਡ ਮਿੱਲ੍ਹ ਮਾਲਕ ਵਲੋਂ ਫੀਡ ਦੀ ਵਿਕਰੀ ਦੇ ਹਿਸਾਬ ਮੱਕੀ ਦੀ ਖਰੀਦ ਹੋ ਸਕਦੀ ਹੈ, ਪਰ ਇਥੇ ਤਾਂ ਆਲਮ ਨਿਰਾਲਾ ਹੈ, ਲੱਖਾਂ ਬੋਰੀ ਸ਼ਾਹਕੋਟ ਜਾਂ ਹੋਰ ਇਲਾਕਿਆਂ 'ਚੋਂ ਲਿਆ ਕੇ ਨਿੱਜੀ ਫੜ੍ਹਾਂ 'ਚ ਸੁਕਾਈ ਅਤੇ ਭਰਾਈ ਜਾਵੇਗੀ | ਸਜਨ ਬਾਂਸਲ ਇਕ ਹੋਰ ਖੁਲਾਸਾ ਕੀਤਾ ਕਿ ਦਾਖਾ ਮਾਰਕੀਟ ਕਮੇਟੀ ਦੇ ਪੁੜੈਣ, ਸਰਾਭਾ, ਕੁਝ ਹੋਰ ਫੜ੍ਹਾਂ 'ਚ ਬਿਨਾਂ ਬੋਲੀ ਕਿਸਾਨ ਦੀ ਮੱਕੀ ਖਰੀਦੀ ਜਾ ਰਹੀ ਹੈ, ਜੋ ਮੱਕੀ ਉਪਜ ਵਾਲੇ ਮਾਲਕ ਦੀ ਸਿੱਧੀ ਲੁੱਟ ਹੈ | ਜ਼ਿਕਰਯੋਗ ਹੈ ਕਿ ਮੱਕੀ ਦੀ ਖਰੀਦ ਵਾਲੇ ਵਪਾਰੀ ਰਲੇ ਹੋਣ ਕਾਰਨ ਖੁੱਲ੍ਹਦਿਲੀ ਨਾਲ ਤਾਂ ਖਰੀਦ ਘੱਟ ਹੀ ਹੁੰਦੀ ਹੈ, ਬੱਸ ਵਪਾਰੀ ਆਪੋ-ਆਪਣੇ ਹਿਸਾਬ ਢੇਰੀ ਪੱਕੀ ਕਰ ਜਾਂਦੇ ਹਨ |