ਹੰਬੜਾਂ, 11 ਜੂਨ (ਮੇਜਰ ਹੰਬੜਾਂ)-ਪਿੰਡ ਖਹਿਰਾ ਬੇਟ ਵਿਖੇ ਸਤਲੁਜ ਦਰਿਆ 'ਤੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪਿੰਡ ਵਾਸੀਆਂ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਬੀਕੇਯੂ ਖੋਸਾ ਅਤੇ ਹੋਰ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ 'ਪਿੰਡ ਬਚਾਓ ਹੋਂਦ ਬਚਾਓ' ਦੇ ਨਾਂਅ 'ਤੇ ਦਿਨ ਰਾਤ ਧਰਨਾ ਲਗਾਇਆ ਗਿਆ ਸੀ ਤੇ ਪ੍ਰਸ਼ਾਸਨ ਨੂੰ ਰੇਤੇ ਦੀ ਮੁੱਠੀ ਵੀ ਨਹੀਂ ਚੁੱਕਣ ਦਿੱਤੀ ਗਈ | ਅੱਜ ਲੋਕਾਂ ਦੇ ਏਕੇ, ਲੋਕਾਂ ਦੇ ਸੰਘਰਸ਼ ਦੀ 4 ਮਹੀਨੇ 18 ਦਿਨ ਬਾਅਦ ਜਿੱਤ ਹੋਈ ਹੈ | ਜਾਣਕਾਰੀ ਦਿੰਦਿਆਂ ਬੀ.ਕੇ.ਯੂ ਸੁਖਜਿੰਦਰ ਸਿੰਘ ਖੋਸਾ ਕੌਮੀ ਪ੍ਰਧਾਨ, ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ, ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ, ਐਡ: ਗੁਰਦੇਵ ਸਿੰਘ ਨੂਰਪੁਰ, ਜਤਿੰਦਰਪਾਲ ਸਿੰਘ ਰਾਣਾ ਨੇ ਕਿਹਾ ਕਿ ਕਥਿਤ ਸਰਕਾਰੀ ਸ਼ਹਿ ਹਾਸਿਲ ਰੇਤ ਮਾਫੀਏ ਦੇ ਕਥਿਤ ਗੁੰਡਾਤੰਤਰ ਨੂੰ ਉਦੋਂ ਮੂੰਹ ਦੀ ਖਾਣੀ ਖਾਣੀ ਜਦੋਂ ਮਾਨਯੋੋਗ ਐੱਨ.ਜੀ.ਈ ਵਲੋਂ ਸਟੇਅ ਮਿਲਣ ਕਾਰਨ ਇਹ 4 ਮਹੀਨੇ 18 ਦਿਨ ਦਾ ਧਰਨਾ ਸਮਾਪਤ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਲੋਕ ਮੋਰਚੇ ਦੀ ਸਫ਼ਲਤਾ ਦਾ ਰਾਜ ਇਹ ਹੈ ਕਿ ਮੌਜ਼ੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਵਿਚ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮੂਹਿਕ ਤੌਰ 'ਤੇ ਭਾਗੀਦਾਰੀ ਕੀਤੀ | ਪੁਲਿਸ ਤੰਤਰ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਰੇਤ ਮਾਫੀਏ ਦੀ ਮਿਲੀਭੁਗਤ ਨਾਲ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਪੂਰੀ ਵਾਹ ਲਾਈ ਪਰ ਲੋਕਾਂ ਦੇ ਰੋਹ, ਲੋਕਾਂ ਦੇ ਏਕੇ ਬਦੌਲਤ ਮਾਫੀਆ ਤੰਤਰ ਆਪਣੀਆਂ ਕੋਝੀਆਂ ਚਾਲਾਂ 'ਚ ਪੂਰਨ ਤੌਰ 'ਤੇ ਅਸਫ਼ਲ ਰਿਹਾ | ਇਸ ਸੰਘਰਸ਼ ਦੌਰਾਨ ਬੀਬੀਆਂ ਦੀ ਵੱਡੀ ਗਿਣਤੀ 'ਚ ਸ਼ਮੂਲੀਅਤ ਨੇ ਵੀ ਅਹਿਮ ਰੋਲ ਅਦਾ ਕੀਤਾ | ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਨੇ ਕਿਹਾ ਕਿ ਜੇਕਰ ਕਥਿਤ ਪ੍ਰਸ਼ਾਸ਼ਨ ਨੇ ਫਿਰ ਵੀ ਨਾਜਾਇਜ਼ ਮਾਈਨਿੰਗ ਕਰਵਾਉਣ ਦੀ ਕੋਸ਼ਿਸ਼ ਕੀਤਾ ਤਾਂ ਧਰਨਾਂ ਫਿਰ ਏਸੇ ਤਰ੍ਹਾਂ ਲੱਗੇਗਾ | 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਇਹ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਪੰਚ ਗੁਰਦੀਪ ਸਿੰਘ, ਅਰਵਿੰਦਰਪਾਲ ਸਿੰਘ, ਪ੍ਰਧਾਨ ਜਸਵੀਰ ਸਿੰਘ ਢੋਲਣ, ਪ੍ਰਧਾਨ ਫ਼ਤਿਹ ਸਿੰਘ, ਜਸਪਾਲ ਸਿੰਘ ਧਾਲੀਵਾਲ, ਕਰਨੈਲ ਸਿੰਘ ਵਿਰਕ, ਜਗਮਿੰਦਰ ਸਿੰਘ ਢੇਸੀ, ਕਸ਼ਮੀਰ ਸਿੰਘ, ਗੁਰਦੀਪ ਸਿੰਘ, ਪੂਰਨ ਸਿੰਘ, ਦਰਸ਼ਨ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਅਮਰਜੀਤ ਸਿੰਘ, ਬੀ.ਕੇ.ਯੂ. ਇੰਦਰਜੀਤ ਸਿੰਘ ਗੋਰਸੀਆਂ, ਬੀ.ਕੇ.ਯੂ. ਖੋਸਾ ਧਿਆਨ ਸਿੰਘ, ਪ੍ਰਧਾਨ ਬਵਵਿੰਦਰ ਸਿੰਘ ਭੈਰੋਮੁੰਨਾਂ, ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸਵਰਨ ਸਿੰਘ, ਬਲਜੀਤ ਸਿੰਘ, ਜੁਗਰਾਜ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕ ਅਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਤੇ ਬੀਬੀਆਂ ਵੀ ਹਾਜ਼ਰ ਸਨ |