ਹਠੂਰ, 11 ਜੂਨ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਅਧੀਨ ਪੈਂਦੇ ਪਿੰਡ ਮਾਣੂੰਕੇ ਵਿਖੇ ਬੀਤੀ ਅੱਧੀ ਰਾਤ ਨੂੰ ਇਕ ਘਰ 'ਤੇ ਗੋਲੀਆਂ ਚਲਾਏ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਣੂੰਕੇ ਦੇ ਘਰ ਬੀਤੀ ਰਾਤ ਸਾਢੇ 12 ਵਜੇ ਦੇ ਕਰੀਬ ਇਹ ਹਮਲਾ ਹੋਇਆ | ਇਸ ਸੰਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਪੀੜਤ ਪਰਗਟ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ (ਜਿਨ੍ਹਾਂ ਦੇ ਉਸ ਨੇ ਨਾਂਅ ਵੀ ਲਏ) ਮੋਟਰਸਾਇਕਲ 'ਤੇ ਆ ਕੇ ਪਹਿਲਾਂ ਉਨ੍ਹਾਂ ਦੇ ਦਰਵਾਜ਼ੇ 'ਚ ਇੱਟਾਂ ਰੋੜੇ ਮਾਰਦੇ ਹਨ ਅਤੇ ਫਿਰ ਪਿਸਤੌਲ ਕੱਢ ਕੇ ਇਕ ਵਲੋਂ ਲਗਾਤਾਰ ਦਰਜਨ ਤੋਂ ਉੱਪਰ ਉਨ੍ਹਾਂ ਦੇ ਘਰ ਅੰਦਰ ਫਾਇਰ ਕੀਤੇ ਗਏ | ਇਸ ਦੌਰਾਨ ਉਸ ਦੀ ਭੈਣ ਜੋ ਪਹਿਲਾਂ ਖੜਕਾ ਸੁਣਕੇ ਦਰਵਾਜ਼ਾ ਖੋਲ੍ਹ ਕੇ ਦੇਖਣ ਗਈ ਸੀ ਨੇ ਸਾਹਮਣੇ ਦਾ ਮਾਹੌਲ ਦੇਖ ਕੇ ਫੁਰਤੀ ਨਾਲ ਭੱਜ ਕੇ ਡਰਦਿਆਂ ਦਰਵਾਜ਼ਾ ਬੰਦ ਕਰ ਲਿਆ | ਗੋਲੀਆਂ ਦਰਵਾਜ਼ੇ, ਸੋਫੇ ਅਤੇ ਅੰਦਰ ਕੰਧਾਂ 'ਚ ਲੱਗੀਆਂ ਹਨ | ਇਸ ਦੌਰਾਨ ਪਰਗਟ ਸਿੰਘ ਦੀ ਭੈਣ ਅਤੇ ਉਸ ਦਾ ਪਿਤਾ ਬਲਵਿੰਦਰ ਸਿੰਘ ਜੋ ਅਧਰੰਗ ਤੋਂ ਪੀੜਤ ਹੈ ਉਨ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਹੋ ਗਿਆ | ਪੁਲਿਸ ਥਾਣਾ ਹਠੂਰ ਨੂੰ ਇਤਲਾਹ ਮਿਲਣ 'ਤੇ ਥਾਣਾ ਮੁਖੀ ਗੁਰਸੇਵਕ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਅੱਜ ਸਵੇਰੇ ਵੀ ਉਹ ਉਨ੍ਹਾਂ ਦੇ ਘਰ ਮੁੜ ਜਾਇਜ਼ਾ ਲੈਣ ਲਈ ਪੁੱਜੇ | ਉਨ੍ਹਾਂ ਨਾਲ ਸੀ.ਆਈ ਏ ਸਟਾਫ਼ ਦੇ ਇੰਚਾਰਜ ਐੱਸ.ਐੱਚ.ਓ. ਅੰਮਿ੍ਤਪਾਲ ਸਿੰਘ, ਸੁਲੱਖਣ ਸਿੰਘ ਏ.ਐੱਸ.ਆਈ, ਕੁਲਵੰਤ ਸਿੰਘ ਏ.ਐੱਸ.ਆਈ ਵੀ ਮੌਜੂਦ ਸਨ | ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਮੁਰਾਦ ਜਸਵੀਰ ਸਿੰਘ ਗਿੱਲ ਡੀ.ਐੱਸ.ਪੀ. ਰਾਏਕੋਟ ਵੀ ਮੌਕੇ 'ਤੇ ਪੁੱਜ ਗਏ ਸਨ | ਪੁਲਿਸ ਥਾਣਾ ਹਠੂਰ ਮੁਖੀ ਗੁਰਸੇਵਕ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀੜਤ ਪਰਗਟ ਸਿੰਘ ਦੇ ਬਿਆਨ ਲਏ ਜਾ ਰਹੇ ਹਨ ਅਤੇ ਉਸ ਉਪਰੰਤ ਉਨ੍ਹਾਂ ਨੂੰ ਘਰ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਿਲੀ ਫੁਟੇਜ਼ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਡੀ.ਐੱਸ.ਪੀ. ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ ਨੇ ਵੀ ਇਸ ਸਬੰਧੀ ਸਪੱਸ਼ਟੀ ਕਰਦਿਆਂ ਕਿਹਾ ਕਿ ਇਹ ਲੜਾਈ ਕਿਸੇ ਰੰਜ਼ਿਸ਼ ਤਹਿਤ ਹੋਈ ਲੱਗਦੀ ਹੈ | ਇਸ ਸੰਬੰਧ 'ਚ ਦੋਸ਼ੀ ਜਲਦੀ ਗਿ੍ਫਤਾਰ ਕੀਤੇ ਜਾਣਗੇ | ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਉਕਤ ਦੋਵੇਂ ਧੜੇ ਸੱਤ੍ਹਾਧਾਰੀ ਧਿਰ ਨਾਲ ਸਬੰਧਿਤ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਇਸੇ ਪਿੰਡ ਵਿਚ ਇਕ ਸਾਬਕਾ ਕਬੱਡੀ ਖਿਡਾਰੀ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ | ਇਸ ਕਰਕੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ |