ਖੰਨਾ, 11 ਜੂਨ (ਪੱਤਰ ਪ੍ਰੇਰਕ)-ਗੁਜਰਾਤ ਵਿਚ ਸਸਤੇ ਭਾਅ ਪ੍ਰਾਪਰਟੀ ਦਿਵਾ ਕੇ ਵੱਡਾ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਪੁਲਿਸ ਨੇ ਲੁਧਿਆਣਾ ਦੇ ਇਕ ਪ੍ਰਾਪਰਟੀ ਕਾਰੋਬਾਰੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ | ਖੰਨਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਖੰਨਾ ਦੇ ਇਕ ਪ੍ਰਾਪਰਟੀ ਡੀਲਰ ਸਮੇਤ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਚ ਡਾ. ਰਜਿੰਦਰ ਕੁਮਾਰ ਵਾਸੀ ਲੁਧਿਆਣਾ, ਨਰੇਸ਼ ਕੁਮਾਰ ਵਾਸੀ ਖੰਨਾ, ਰਾਜੀਵ ਸੂਦ ਵਾਸੀ ਅੰਮਿ੍ਤਸਰ, ਨਿਤਿਨ ਸਿੰਘ, ਲੱਬੂ ਬੇਨ, ਜਯੇਸ਼ ਭਾਈ, ਤੇਜ਼ ਲਬੇਨ, ਨਿਲੇਸ਼, ਰਾਜੇਸ਼ ਕੁਮਾਰ, ਮੋਤੀ ਭਾਈ, ਵਿਨੋਦ, ਮੋਹਣ ਅਤੇ ਅਲਕਾ ਬੇਨ ਆਦਿ ਸ਼ਾਮਿਲ ਹਨ | ਸ਼ਿਕਾਇਤਕਰਤਾ ਗਗਨਦੀਪ ਸਿੰਘ ਵਾਸੀ ਖੰਨਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਨੂੰ ਗੁਜਰਾਤ ਵਿਚ ਪ੍ਰਾਪਰਟੀਆਂ ਦਿਵਾਉਣ ਅਤੇ ਨਿਵੇਸ਼ ਵਿਚ ਦੁੱਗਣਾ ਫ਼ਾਇਦਾ ਕਰਵਾਉਣ ਦਾ ਭਰੋਸਾ ਦਿੱਤਾ ਸੀ | ਇਸ ਦੇ ਚੱਲਦੇ ਉਸ ਨੇ ਕਰੀਬ 14 ਕਰੋੜ 71 ਲੱਖ ਰੁਪਏ ਮੁਲਜ਼ਮਾਂ ਨੂੰ ਸੌਂਪ ਦਿੱਤੀ | ਇਸ ਦੇ ਬਾਅਦ ਨਾ ਹੀ ਉਸ ਨੂੰ ਸੰਪਤੀਆਂ ਮਿਲੀਆਂ ਅਤੇ ਨਾ ਹੀ ਉਸ ਨੂੰ ਰਾਸ਼ੀ ਵਾਪਸ ਕੀਤੀ ਗਈ | ਇਸ ਦੌਰਾਨ ਮੁਲਜ਼ਮਾਂ ਵਲੋਂ ਕਈ ਇਕਰਾਰਨਾਮੇ ਅਤੇ ਦਸਤਾਵੇਜ਼ ਦਿੱਤੇ ਗਏ ਸਨ | ਮਾਮਲੇ ਵਿਚ ਨਾਮਜ਼ਦ ਕਥਿਤ ਮੁਲਜ਼ਮ ਖੰਨਾ ਵਾਸੀ ਅਤੇ ਪ੍ਰਾਪਰਟੀ ਕਾਰੋਬਾਰੀ ਨਰੇਸ਼ ਕੁਮਾਰ ਭਾਂਬਰੀ ਨੂੰ ਅਦਾਲਤ ਵਿਚੋਂ ਜ਼ਮਾਨਤ ਮਿਲ ਗਈ ਹੈ | ਅਦਾਲਤ ਵਿਚੋਂ ਜ਼ਮਾਨਤ ਮਿਲਣ ਤੋਂ ਬਾਅਦ ਕਥਿਤ ਦੋਸ਼ੀ ਨਰੇਸ਼ ਕੁਮਾਰ ਭਾਂਬਰੀ ਵਾਸੀ ਸਨੀ ਇਨਕਲੇਵ ਅਮਲੋਹ ਖੰਨਾ ਨੂੰ ਜਾਂਚ ਵਿਚ ਸ਼ਾਮਲ ਹੋਣਾ ਪਵੇਗਾ | ਗੌਰਤਲਬ ਹੈ ਕਿ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੀ ਰੋਇਲ ਵੈਂਚਰ ਕੰਪਨੀ ਦੇ ਮਾਲਕ ਗਗਨਦੀਪ ਸਿੰਘ ਨੇ ਲੁਧਿਆਣਾ ਵਾਸੀ ਡਾ. ਰਜਿੰਦਰ ਕੁਮਾਰ ਖ਼ਿਲਾਫ਼ ਠੱਗੀ ਸੰਬੰਧੀ ਸ਼ਿਕਾਇਤ ਕੀਤੀ ਸੀ | ਜਿਸ ਦੀ ਪੜਤਾਲ ਉਪਰੰਤ ਥਾਣਾ ਦੁੱਗਰੀ ਵਿਚ ਮਾਮਲਾ ਦਰਜ ਕੀਤਾ ਗਿਆ ਸੀ |