ਹੰਬੜਾਂ, 13 ਜੂਨ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਿਲ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਚੱਟਾਨ ਵਾਂਗ ਖੜ੍ਹੇ ਹਾਂ ਤੇ ਅੱਜ ਹਰ ਪਾਸੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਕਿਉਂਕਿ ਸ. ਇਯਾਲੀ ਨੇ ਪੰਥਕ ਹਿੱਤਾਂ ਦੀ ਰਾਖੀ ਲਈ ਸਹੀ ਰਾਹ ਚੁਣਿਆ ਹੈ ਤੇ ਹਲਕਾ ਦਾਖਾ ਦਾ ਸਮੁੱਚਾ ਵਰਕਰ ਉਨ੍ਹਾਂ ਦਾ ਸਾਥ ਦੇਵੇਗਾ ਤੇ 2027 ਦੀ ਪਾਰੀ 'ਚ ਵਾਰਿਸ ਪੰਜਾਬ ਦੇ ਪਾਰਟੀ ਦੀ ਜਿੱਤ ਦਰਜ ਕਰਨ ਦਾ ਜਾਮਨ ਬਣੇਗਾ | ਇਹ ਪ੍ਰਗਟਾਵਾ ਸੀਨੀਅਰ ਆਗੂ ਡਾ. ਨੌਰੰਗ ਸਿੰਘ ਚੀਮਾ ਵਲੀਪੁਰ ਕਲਾਂ ਨੇ ਵਿਧਾਇਕ ਇਯਾਲੀ ਨੂੰ ਵਾਰਿਸ ਪੰਜਾਬ ਦੇ ਪਾਰਟੀ ਨਾਲ ਜੁੜਨ ਦੀ ਵਧਾਈ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਥਕ ਦਰਦੀ ਸ. ਇਯਾਲੀ ਵਲੋਂ ਪੰਥਕ ਸੋਚ ਨੂੰ ਲੈ ਕੇ ਚੱਲਦਿਆਂ ਚੁੱਕੇ ਕਦਮ ਦੀ ਹਲਕੇ ਸਮੇਤ ਪੰਜਾਬ ਹੀ ਨਹੀਂ ਬਲਕਿ ਸੰਸਾਰ ਭਰ 'ਚ ਸ਼ਲਾਘਾ ਹੋ ਰਹੀ ਹੈ ਤੇ ਸਿੱਖ ਜਥੇਬੰਦੀਆਂ ਵਲੋਂ ਵਿਦੇਸ਼ਾ ਅੰਦਰ ਵੀ ਸ਼ਲਾਘਾ ਕੀਤਾ ਜਾ ਰਿਹਾ ਹੈ | ਡਾ. ਚੀਮਾ ਵਲੀਪੁਰ ਨੇ ਕਿਹਾ ਕਿ ਸ. ਇਯਾਲੀ ਦੇ ਵਾਰਿਸ ਪੰਜਾਬ ਦੇ ਪਾਰਟੀ ਦਾ ਹਿੱਸਾ ਬਣਨ ਨਾਲ ਪੰਥਕ ਮਸਲਿਆਂ ਦੇ ਹੱਲ ਅਤੇ ਬੰਦੀ ਸਿੰਘਾ ਦੀ ਰਿਹਾਈ ਵਰਗੇ ਮਸਲਿਆਂ ਦੇ ਹੱਲ ਲਈ ਰਾਹ ਪੱਧਰਾ ਹੋ ਸਕੇਗਾ ਤੇ ਨੌਜਵਾਨ ਆਪਣੇ ਹੱਕਾਂ ਪ੍ਰਤੀ ਹੋਰ ਜਾਗਰੂਕ ਹੋਣਗੇ ਤੇ ਪੰਜਾਬ ਅੰਦਰ ਵਾਰਿਸ ਪੰਜਾਬ ਦੇ ਪਾਰਟੀ ਦੇ ਹੱਕ 'ਚ ਜ਼ੋਰਦਾਰ ਲਹਿਰ ਖੜੀ ਹੋਵੇਗੀ |