ਮੁੱਲਾਂਪੁਰ-ਦਾਖਾ, 14 ਜੂਨ (ਨਿਰਮਲ ਸਿੰਘ ਧਾਲੀਵਾਲ)- ਸ੍ਰੀ ਸਤਿਗੁਰੂ ਬ੍ਰਹਮਸਾਗਰ ਜੀ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਲਾਲ ਦਾਸ ਜੀ ਭੂਰੀ ਵਾਲਿਆ ਦੇ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਸ੍ਰੀ ਲਾਲਪੁਰੀ ਧਾਮ ਰਕਬਾ ਸਾਹਿਬ (ਲੁਧਿਆਣਾ) ਵਿਖੇ ਗੁਰਗੱਦੀ ਵਰਤਮਾਨ ਗੱਦੀਨਸ਼ੀਨ ਵੇਂਦਾਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਭੂਰੀ ਵਾਲਿਆ ਦੀ ਸਰਪ੍ਰਸਤੀ ਹੇਠ ਅੱਜ ਅਰੰਭ ਹੋਏ | ਅਚਾਰੀਆ ਸ੍ਰੀ ਗਰੀਬਦਾਸ ਰਚਿਤ ਬਾਣੀ ਦੇ ਅਖੰਡ ਪਾਠਾਂ ਦੀ ਅਰੰਭਤਾ ਸ਼੍ਰੀ ਛੁਡਾਣੀ ਧਾਮ ਦੇ ਪੀਠਾਦੀਸਵਰ ਸ਼੍ਰੀ ਮਹੰਤ ਦਯਾਸਾਗਰ ਜੀ ਮਿਹਰਬਾਨ ਵਲੋਂ ਕੀਤੀ ਗਈ | ਭੂਰੀ ਵਾਲੇ ਸਥਾਨ ਰਕਬਾ ਵਿਖੇ ਗੁਰਗੱਦੀ ਪ੍ਰੰਪਰਾ ਨਾਲ ਜੁੜੀ ਵੱਡੀ ਤਾਆਦ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਉਂਦਿਆਂ ਸ੍ਰੀ ਮਹੰਤ ਦਯਾਸਾਗਰ ਮਿਹਰਬਾਨ ਦੱਸਿਆ ਕਿ ਵਿਵੇਕੀ ਪੁਰਸ਼ ਹੀ ਗੁਰੂਆਂ ਦੇ ਅਵਤਾਰ ਦਿਹਾੜਿਆਂ ‘ਤੇ ਸਿਜਦਾ ਹੋ ਕੇ ਸੇਵਾ-ਸਿਮਰਨ ਅਤੇ ਦਾਨ ਕਰਕੇ ਪੁੰਨਾਂ ਦੀ ਪ੍ਰਾਪਤੀ ਕਰ ਲੈਂਦੇ ਹਨ, ਜਦ ਕਿ ਅਗਿਆਨੀ ਜੀਵ ਧਰਮ ਦੇ ਕਾਰਜ਼ਾਂ ਤੋਂ ਦੂਰ ਹੋ ਕੇ ਆਪਣਾ ਜੀਵਨ ਦੁੱਖਾਂ ਨਾਲ ਭਰ ਲੈਂਦੇ ਹਨ | ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੂਰੀ ਵਾਲਿਆਂ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦੇ ਦੂਜੇ ਗੱਦੀਨਸ਼ੀਨ ਸਵਾਮੀ ਲਾਲ ਦਾਸ ਜੀ ਨੇ ਸਾਦਗੀ ਵਾਲਾ ਜੀਵਨ ਬਤੀਤ ਕਰਦਿਆਂ ਸੰਗਤ ਨੂੰ ਨਾਮ ਬਾਣੀ ਅਤੇ ਧਰਮ ਮਾਰਗ ਨਾਲ ਜੋੜਿਆ | ਉਨ੍ਹਾਂ ਕਿਹਾ ਕਿ ਸਵਾਮੀ ਲਾਲ ਦਾਸ ਜੀ ਦਾ ਨਾਂਅ ਸੰਤ ਸਮਾਜ ਵਿਚ ਉੱਚ ਕੋਟੀ ਦੇ ਮਹਾਂਪੁਰਸ਼ਾਂ ਵਿਚ ਸ਼ਾਮਿਲ ਹੈ | ਅਚਾਰੀਆ ਜੀ ਕਿਹਾ ਕਿ ਸਾਨੂੰ ਗੁਰੂ ਸਥਾਨਾਂ ਤੇ ਸ਼ਰਧਾ ਭਾਵ ਨਾਲ ਸਿਜਦਾ ਹੋ ਕੇ ਗੁਰੂਆਂ ਦੀ ਖੁਸ਼ੀ ਪ੍ਰਾਪਤ ਕਰਨ ਤੋਂ ਸੰਕੋਚ ਨਹੀ ਕਰਨਾ ਚਾਹੀਦਾ, ‘ਗੁਰੂ ਸ਼ਬਦ’ ਦੇ ਅਭਿਆਸ ਨਾਲ ਹੀ ਆਤਮ ਗਿਆਨ ਦੀ ਪਾ੍ਰਪਤੀ ਹੁੰਦੀ ਹੈ | ਸ੍ਰੀ ਲਾਲਪੁਰੀ ਧਾਮ ਰਕਬਾ ਸਾਹਿਬ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਚੱਲਦਿਆਂ ਦੂਜੇ ਦਿਨ ਮੱਧ ਦੀ ਬਾਣੀ ਦੇ ਭੋਗ ਉਪਰੰਤ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਡਾਕਟਰਾਂ ਦੀ ਟੀਮ ਵਲੋਂ ਖ਼ੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਜਾਵੇਗਾ | ਕੈਂਪ ਦੌਰਾਨ ਮਰੀਜ਼ਾਂ ਦਾ ਚੈਕਅੱਪ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਸੰਤ ਸਮਾਗਮ ਦੇ ਆਖਰੀ ਦਿਨ ਮੰਗਲਵਾਰ ਸਵੇਰ ਅੰਮਿ੍ਤ ਵੇਲੇ ਆਚਾਰੀਆ ਚੇਤਨਾ ਨੰਦ ਭੂਰੀ ਵਾਲਿਆਂ ਦੀ ਅਗਵਾਈ ਹੇਠ ਸੋਭਾ ਯਾਤਰਾ ਰਕਬਾ ਪਿੰਡ ਦੀ ਪਰਕਰਮਾ ਕਰੇਗੀ, ਸ਼ੋਭਾ ਯਾਤਰਾ ਉਪਰੰਤ ਬਾਣੀ ਦੇ ਸੰਪੂਰਨ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਸਮਾਗਮ ਦੇ ਤਿੰਨੇ ਦਿਨ ਰਾਤ ਨੂੰ ਸੰਧਿਆ ਆਰਤੀ ਉਪਰੰਤ ਸੰਤ ਮਹਾਪੁਰਸ਼ ਆਪਣੇ ਅਨਮੋਲ ਤੇ ਅਨੁਭਵੀ ਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਸ੍ਰੀ ਲਾਲਪੁਰੀ ਧਾਮ ਰਕਬਾ ਵਿਖੇ ਸਲਾਨਾ ਸੰਤ ਸਮਾਗਮ ਦੀ ਆਰੰਭਤਾ ਸਮੇਂ ਸਵਾਮੀ ਹਰਬੰਸ ਲਾਲ ਬ੍ਰਹਮਪੁਰੀ, ਸਵਾਮੀ ਦਿਵਾਨਾ ਨੰਦ, ਸਵਾਮੀ ਦਰਵੇਸ਼ਾ ਨੰਦ, ਸਵਾਮੀ ਨਿੱਤਿਆ ਨੰਦ, ਡਾ: ਤਿਰਪਾਰੀ ਦਾਸ, ਅਵਤਾਰ ਸਿੰਘ ਬੱਲ ਕੈਨੇਡਾ, ਦੀਦਾਰ ਸਿੰਘ ਬੱਲ, ਸਰਪੰਚ ਮਨਮੀਤ ਸਹਿਜਪਾਲ, ਰਾਮਪਾਲ ਚੌਧਰੀ, ਹੋਰ ਮੌਜੂਦ ਰਹੇ |
ਸਵਾਮੀ ਲਾਲ ਦਾਸ ਜੀ ਨੇ ਜੀਵਨ ਭਰ ਸੰਗਤਾਂ ਨੂੰ ਨਾਮ ਬਾਣੀ ਤੇ ਧਰਮ ਮਾਰਗ ਨਾਲ ਜੋੜਿਆ- ਆਚਾਰਿਆ ਚੇਤਨਾ ਨੰਦ
ਅਜੀਤ ਡੈਸਕ
15-06-2026