ਹਠੂਰ, 20 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਬੁਰਜ਼ ਕੁਲਾਰਾ ਦੇ ਨਵੀਨੀਕਰਨ ਕੀਤੇ ਜਾ ਰਹੇ ਛੱਪੜ ਦੀਆਂ ਉਸਾਰੀ ਅਧੀਨ ਕੰਧਾਂ ਦੇ ਬੀਤੇ ਦਿਨੀਂ ਥੋੜੇ ਜਿਹੇ ਮੀਂਹ ਨਾਲ ਡਿੱਗਣ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਹੁਣ ਪਿੰਡ ਦੇ ਲੋਕਾਂ ਨੇ ਮੌਜੂਦਾ ਸਰਪੰਚ ‘ਤੇ ਪਿੰਡ ਦੇ ਘਰਾਂ ਦੀਆਂ ਗਲੀਆਂ ਪੱਕੀਆਂ ਕਰਨ ਦੀ ਬਜਾਇ ਉਸ ਵਲੋਂ ਆਪਣੇ ਖੇਤ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਸਾਬਕਾ ਸਰਪੰਚ ਬੂਟਾ ਸਿੰਘ ਬੁਰਜ਼ ਕੁਲਾਰਾ, ਸਾਬਕਾ ਸਰਪੰਚ ਦੇ ਪਤੀ ਨਿਰਮਲ ਸਿੰਘ, ਜਗਪ੍ਰੀਤ ਸਿੰਘ ਪੰਚ, ਮੰਖਣ ਸਿੰਘ ਰਾਊਕੇ, ਗਗਨਦੀਪ ਸਿੰਘ, ਜਗਸੀਰ ਸਿੰਘ, ਬੇਅੰਤ ਸਿੰਘ, ਨਾਜ਼ਰ ਸਿੰਘ, ਮੁਖਤਿਆਰ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਰਣਜੀਤ ਸਿੰਘ, ਪ੍ਰਧਾਨ ਸਿਮਰਨਪ੍ਰੀਤ ਸਿੰਘ ਨੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਿੰਡ ਦੀਆਂ ਬਹੁਤ ਸਾਰੀਆਂ ਗਲੀਆਂ ਜਾਂ ਤਾਂ ਪੱਕੀਆਂ ਹੋਣ ਵਾਲੀਆਂ ਹਨ ਅਤੇ ਜਾਂ ਫਿਰ ਟੁੱਟ ਚੁੱਕੀਆਂ ਹਨ, ਜਿਸ ਨੂੰ ਬਣਾਇਆ ਜਾਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਸਬੰਧਿਤ ਲੋਕ ਸਰਪੰਚ ਚਮਕੌਰ ਸਿੰਘ ਨੂੰ ਅਨੇਕਾਂ ਵਾਰ ਅਪੀਲ ਵੀ ਕਰ ਚੁੱਕੇ ਹਨ, ਪਰ ਉਸ ਵਲੋਂ ਜਾਣਬੁੱਝ ਕੇ ਇਨ੍ਹਾਂ ਗਲੀਆਂ ਨੂੰ ਬਣਾਇਆ ਨਹੀਂ ਜਾ ਰਿਹਾ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦੇ ਉਲਟ ਉਸ ਵਲੋਂ ਆਪਣੇ ਖੇਤ ਵਾਲੇ ਰਾਹ ਨੂੰ ਪੱਕਾ ਕਰ ਲਿਆ ਹੈ। ਆਗੂਆਂ ਨੇ ਦੱਸਿਆ ਕਿ ਉਹ ਰਾਹ ਜੋ ਸਰਪੰਚ ਚਮਕੌਰ ਸਿੰਘ ਦੇ ਖੇਤ ਨੂੰ ਜਾਂਦਾ ਹੈ ਅਤੇ ਉਸ ਦਾ ਆਪਣਾ ਨਿੱਜੀ ਮਟ ਹੈ ਨੂੰ ਇੰਟਰਲਾਕ ਲਾ ਕੇ ਪੱਕਾ ਕਰ ਲਿਆ ਹੈ। ਉਨਾਂ ਨੇ ਪ੍ਰੈਸ ਨੂੰ ਉਕਤ ਰਸਤਾ ਦਿਖਾਉਂਦਿਆਂ ਕਿਹਾ ਕਿ ਗਲੀ ਦੇ ਆਖਰੀ ਘਰ ਤੋਂ ਅੱਗੇ ਕਰੀਬ 200 ਫੁੱਟ ਲੰੰਬਾਈ ਅਤੇ 15 ਫੁੱਟ ਚੌੜਾ ਰਸਤਾ ਜੋ ਸਰਪੰਚ ਦੇ ਖੇਤ ਨੂੰ ਜਾਂਦਾ ਹੈ, ਨੂੰ ਨਿੱਜੀ ਹਿੱਤਾਂ ਦੀ ਪੂਰਤੀ ਕਰਦਿਆਂ ਇੰਟਰਲਾਕ ਲਾ ਕੇ ਪੱਕਾ ਕਰ ਲਿਆ ਹੈ ਅਤੇ ਅੱਗੇ ਕੰਧ ਵੀ ਕਰ ਲਈ ਜਦਕਿ ਪਿੰਡ ‘ਚ ਬਹੁਤ ਸਾਰੀਆਂ ਗਲੀਆਂ ਅਜੇ ਬਨਣ ਵਾਲੀਆਂ ਹਨ। ਉਨਾਂ ਦੋਸ਼ ਲਾਏ ਕਿ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਉਸ ਨੂੰ ਸਰਪੰਚ ਚੁਣਿਆ ਸੀ, ਪਰ ਉਸ ਵਲੋਂ ਪਿੰਡ ਦੇ ਲੋਕਾਂ ਨਾਲ ਦਵੈਸ਼ ਕੀਤੀ ਜਾ ਰਹੀ ਹੈ ਅਤੇ ਅਨੇਕਾਂ ਅਜਿਹੇ ਹੋਰ ਕੰਮ ਹਨ ਜੋ ਉਸ ਨੇ ਨਿੱਜੀ ਲਾਭ ਲੈਣ ਲਈ ਕੀਤੇ ਹਨ ਅਤੇ ਉਹ ਆਉਣ ਵਾਲੇ ਦਿਨਾਂ ‘ਚ ਉਸ ਤੋਂ ਵੀ ਪਰਦਾ ਉਠਾਉਣਗੇ। ਇਸ ਸਬੰਧੀ ਜਦ ਸਰਪੰਚ ਚਮਕੌਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਜਿੱਥੇ ਤੱਕ ਗਲੀ ਜਾਂਦੀ ਹੈ, ਉਹ ਤਾਂ ਪੂਰੀ ਕਰਨੀ ਹੀ ਸੀ ਚਾਹੇ ਕਿਸੇ ਖੇਤ ਤੱਕ ਜਾਂਦੀ ਹੋਵੇ। ਹੋਈ ਕੰਧ ਸਬੰਧੀ ਉਨਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਨਿੱਜੀ ਖ਼ਰਚੇ ਤੇ ਉਹ ਕੰਧ ਬਣਾਈ ਹੈ ਤਾਂ ਜੋ ਅੱਗੇ ਖੂਹ ਹੈ, ਉਸ ‘ਚ ਕਿਸੇ ਕੋਈ ਹਾਦਸਾ ਨਾ ਹੋ ਸਕੇ। ਉਨਾਂ ਕਿਹਾ ਕਿ ਪਿੰਡ ਦੀਆਂ ਗਲੀਆਂ ਵੀ ਉਨ੍ਹਾਂ ਵਲੋਂ ਵਾਰੀ ਵਾਰੀ ਬਣਾਈਆਂ ਜਾ ਰਹੀਆਂ ਹਨ।