ਗੁਰੂਸਰ ਸੁਧਾਰ, 21 ਜੂਨ (ਬਲਵਿੰਦਰ ਸਿੰਘ ਧਾਲੀਵਾਲ) ਇਸ ਸਾਲ ਬੀ.ਐੱਡ. ਸੈਸ਼ਨ 2026-27 ਵਿਚ ਕੇਂਦਰੀਕ੍ਰਿਤ ਦਾਖ਼ਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਕਰਵਾਇਆ ਜਾਵੇਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੂੰ ਇਸ ਸੰਯੁਕਤ ਬੀ.ਐੱਡ ਦਾਖ਼ਲੇ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀ.ਐੱਡ. ਵਿਚ ਦਾਖ਼ਲਾ ਸਾਂਝੀ ਪ੍ਰਵੇਸ਼ ਪ੍ਰੀਖਿਆ ਰਾਹੀਂ ਕੀਤਾ ਜਾਵੇਗਾ 2 ਅਗਸਤ ਨੂੰ ਕਰਵਾਈ ਜਾ ਰਹੀ ਹੈ। ਇਸ ਤੋਂ ਬਾਅਦ ਪੰਜਾਬ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਮਾਨਤਾ ਪ੍ਰਾਪਤ ਸਿੱਖਿਆ ਦੇ ਸਾਰੇ ਕਾਲਜਾਂ ਲਈ ਕੇਂਦਰੀਕ੍ਰਿਤ ਕਾਊਂਸਲਿੰਗ ਕੀਤੀ ਜਾਵੇਗੀ।ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐੱਡ. ਕੋਰਸ ਵਿਚ ਦਾਖ਼ਲਾ ਸਿਰਫ਼ ਸੰਯੁਕਤ ਪ੍ਰਵੇਸ਼ ਪ੍ਰੀਖਿਆ ਵਿਚ ਸ਼ਾਮਿਲ ਹੋਣ ਵਾਲੇ ਉਮੀਦਵਾਰਾਂ ਨੂੰ ਹੀ ਮਿਲੇਗਾ। ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 20 ਜੁਲਾਈ 2026 ਹੈ। ਇਸ ਲਈ ਯੋਗ ਉਮੀਦਵਾਰਾਂ ਨੂੰ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣੀ ਚਾਹੀਦੀ ਹੈ। ਡਾ. ਗਰਚਾ ਨੇ ਕਿਹਾ ਕਿ ਆਨਲਾਈਨ ਅਰਜ਼ੀ ਭਰਦੇ ਸਮੇਂ ਵਿਦਿਆਰਥੀਆਂ ਵਲੋਂ ਅਕਸਰ ਵਿਸ਼ਾ-ਸੰਯੋਜਨ ਦੀ ਗ਼ਲਤ ਚੋਣ, ਫ਼ੋਟੋ ਅਤੇ ਹਸਤਾਖ਼ਰ ਨਿਰਧਾਰਤ ਮਾਪਦੰਡਾਂ ਅਨੁਸਾਰ ਅਪਲੋਡ ਨਾ ਕਰਨਾ ਜਾਂ ਹੋਰ ਤਕਨੀਕੀ ਗ਼ਲਤੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਬਾਅਦ ਵਿਚ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਕਾਲਜ ਵਿਚ ਵਿਸ਼ੇਸ਼ ਸਹਾਇਤਾ ਡੈਸਕ ਸਥਾਪਿਤ ਕੀਤਾ ਗਿਆ ਹੈ, ਜਿਥੇ ਤਜ਼ਰਬੇਕਾਰ ਕਰਮਚਾਰੀ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਤੋਂ ਲੈ ਕੇ ਫਾਰਮ ਭਰਨ ਤੱਕ ਹਰ ਪੜਾਅ ‘ਤੇ ਮੁਫ਼ਤ ਮਾਰਗਦਰਸ਼ਨ ਅਤੇ ਪੂਰੀ ਤਕਨੀਕੀ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਕਾਲਜ ਵਿੱਦਿਆ ਦੇ ਖੇਤਰ ਵਿਚ ਮੋਹਰੀ ਹੈ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਇਹ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਮਾਨਤਾ ਪ੍ਰਾਪਤ ਹੈ ਅਤੇ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਨਵੀਂ ਦਿੱਲੀ ਦੁਆਰਾ ਸਥਾਈ ਤੌਰ ‘ਤੇ ਮਾਨਤਾ ਪ੍ਰਾਪਤ ਹੈ ਅਤੇ ਭਾਰਤ ਦੇ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ, ਸਰਕਾਰ ਦੁਆਰਾ ਗ੍ਰੇਡ ਏ+, ਸਾਈਕਲ 3 ਨਾਲ ਵੀ ਮਾਨਤਾ ਪ੍ਰਾਪਤ ਹੈ। ਇਹ ਯੂ. ਜੀ. ਸੀ. ਅਧੀਨ 2 ਅਤੇ 12 (ਬੀ) ਦੁਆਰਾ ਵੀ ਮਾਨਤਾ ਪ੍ਰਾਪਤ ਹੈ।
2026-27 ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਵਾਏਗੀ ਬੀ.ਐੱਡ. ਸਾਂਝੀ ਪ੍ਰਵੇਸ਼ ਪ੍ਰੀਖਿਆ
ਅਜੀਤ ਡੈਸਕ
22-06-2026