ਹਠੂਰ, 24 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਬੁਰਜ਼ ਕੁਲਾਰਾਂ ਦੇ ਮੌਜੂਦਾ ਸਰਪੰਚ ਖ਼ਿਲਾਫ਼ ਪਿੰਡ ਦੇ ਲੋਕਾਂ ਤੇ ਦੋ ਸਾਬਕਾ ਪੰਚਾਇਤਾਂ ਵਲੋਂ ਸਰਪੰਚ ’ਤੇ ਸਾਂਝੇ ਕੰਮਾਂ ਨੂੰ ਲੈ ਕੇ ਆਪ ਹੁਦਰੀਆਂ ਦੇ ਲਾਏ ਦੋਸ਼ਾਂ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਜਿਸ ਤਹਿਤ ਅੱਜ ਸਾਬਕਾ ਸਰਪੰਚ ਬੁਟਾ ਸਿੰਘ ਬੁਰਜ਼ ਕੁਲਾਰਾਂ, ਸਾਬਕਾ ਸਰਪੰਚ ਸੁਖਪਾਲ ਕੌਰ ਦੇ ਪਤੀ ਨਿਰਮਲ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਮੌਜੂਦਾ ਸਰਪੰਚ ਚਮਕੌਰ ਸਿੰਘ ਵਲੋਂ ਪਿੰਡ ਦੇ ਛੱਪੜ ਦੇ ਕੀਤੇ ਜਾ ਰਹੇ ਨਵੀਨੀਕਰਨ ’ਚ ਘਟੀਆ ਮਟੀਰੀਅਲ ਵਰਤਣ, ਛੱਪੜ ਦੀ ਮਿੱਟੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਸਕੂਲ, ਗਰਾਊਂਡ, ਰਾਹ, ਪੰਚਾਇਤ ਘਰ ’ਚੋਂ ਨਾਜਾਇਜ਼ ਤੌਰ ’ਤੇ ਰੁੱਖਾਂ ਦੀ ਕਟਾਈ ਕਰਕੇ ਨਿੱਜੀ ਲਾਭ ਲੈਣ ਦੇ ਦੋਸ਼ ਲਾਏ ਹਨ ਅਤੇ ਉਕਤ ਸਰਪੰਚ ਦੀਆਂ ਆਪ ਹੁਦਰੀਆਂ ਤੋਂ ਪਰਦਾ ਉਠਾਉਂਦਿਆਂ ਹੁਣ ਉਨ੍ਹਾਂ ਵਲੋਂ ਇਸ ਸਬੰਧੀ ਬੀ.ਡੀ.ਪੀ.ਓ. ਜਗਰਾਉਂ, ਐੱਸ.ਡੀ.ਐੱਮ. ਜਗਰਾਉਂ, ਡੀ.ਡੀ.ਪੀ.ਓ. ਲੁਧਿਆਣਾ, ਏ.ਡੀ.ਸੀ. (ਵਿਕਾਸ) ਲੁਧਿਆਣਾ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਮੁਹਾਲੀ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਉਕਤ ਮਾਮਲਿਆਂ ’ਚ ਨਿਰਪੱਖ ਜਾਂਚ ਕਰਕੇ ਅਗਲੇਰੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਇਸ ਮਾਮਲੇ ’ਚ ਨਿਰਪੱਖ ਜਾਂਚ ਕਰਕੇ ਮੌਜਦਾ ਸਰਪੰਚ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਟਿਕ ਕੇ ਨਹੀਂ ਬੈਠਣਗੇ, ਕਿਉਂਕਿ ਇਹ ਮਾਮਲਾ ਉਨ੍ਹਾਂ ਦੇ ਪਿੰਡ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ। ਇਸ ਸਬੰਧੀ ਮੌਜੂਦਾ ਪੰਚਾਇਤ ਸੈਕਟਰੀ ਨਿਰਮਲ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਉਕਤ ਮਾਮਲੇ ’ਚ ਪੱਲਾ ਝਾੜਦਿਆਂ ਕਿਹਾ ਕਿ ਉਨ੍ਹਾਂ ਦੀ ਜੁਆਇਨਿੰਗ ਬਾਅਦ ਦੀ ਹੈ। ਪਹਿਲੇ ਸੈਕਟਰੀ ਬਲਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਵਲੋਂ ਰਾਮੇਂ ਪਿੰਡ ਨੂੰ ਜਾਂਦੇ ਰਾਹ ਤੋਂ ਰੁੱਖ ਵੱਢੇ ਗਏ ਸਨ ਅਤੇ ਉਸ ਸਬੰਧੀ ਉਨ੍ਹਾਂ ਨੇ ਰਿਪੋਰਟ ਦਰਜ ਕਰਵਾਈ ਸੀ ਪਰ ਉਕਤ ਰੁੱਖ ਮਹਿਕਮੇ ਦੇ ਦਫ਼ਤਰ ਜਮ੍ਹਾਂ ਨਹੀਂ ਹੋਏ ਸਨ ਇਸ ਲਈ ਪੰਚਾਇਤ ਨੇ ਉਨ੍ਹਾਂ ਰੁੱਖਾਂ ਦਾ ਕੀ ਕੀਤਾ ਇਸ ਦਾ ਉਸਨੂੰ ਪਤਾ ਨਹੀਂ। ਇਸ ਮੌਕੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।
-ਮਾਮਲਾ ਛੱਪੜ ਦੀ ਮਿੱਟੀ ਤੇ ਰੁੱਖਾਂ ਦੀ ਨਾਜਾਇਜ਼ ਕਟਾਈ ਦਾ-<br> ਬੁਰਜ਼ ਕੁਲਾਰਾਂ ਦੇ ਸਰਪੰਚ ਖ਼ਿਲਾਫ਼ ਲੋਕਾਂ ਨੇ ਬੀ.ਡੀ.ਪੀ.ਓ. ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਤੱਕ ਭੇਜੀਆਂ ਦਰਖਾਸਤਾਂ
ਅਜੀਤ ਡੈਸਕ
25-06-2026