ਜਗਰਾਉਂ, 30 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਇਤਿਹਾਸਕ ਗੁਰਦੁਆਰਾ ਗੁਰੂਸਰ ਕਾਉਂਕੇ ਪਾਤਿਸ਼ਾਹੀ ਛੇਵੀਂ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਅਖੰਡ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਮਹਾਨ ਕੀਰਤਨ ਦਰਬਾਰ ਹੋਇਆ, ਜਿਸ ’ਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜਿੱਥੇ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ, ਉੱਥੇ ਉਨ੍ਹਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਰੇ ਇਤਿਹਾਸ ਸਰਵਣ ਕਰਵਾਇਆ। ਉਨ੍ਹਾਂ ਜ਼ਿਕਰ ਕੀਤਾ ਕਿ ਦੁਨੀਆਂ ਦੇ ਸਭ ਤਖ਼ਤਾਂ ਨਾਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾ ਹੀ ਸਰਵਉੱਚ ਹੈ, ਉੱਥੇ ਮਾਨਵਤਾ ਨੂੰ ਮੰਨਣ ਵਾਲੇ ਲੋਕ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਕਰਦੇ ਹਨ। ਇਸ ਮੌਕੇ ਭਾਈ ਹਰੀ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਮੈਨੇਜਰ, ਸਰਪ੍ਰੀਤ ਸਿੰਘ ਕਾਉਂਕੇ, ਸਰਪੰਚ ਦੀਪਾ ਸਿੰਘ ਗੁਰੂਸਰ, ਬਰਜਿੰਦਰ ਸਿੰਘ ਗੁਰੂਸਰ, ਚਰਨਜੀਤ ਕੌਰ ਸਰਪੰਚ ਕਾਉਂਕੇ, ਸਾਬਕਾ ਸਰਪੰਚ ਜਗਜੀਤ ਸਿੰਘ, ਕਰਮ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਮੱਖਣ, ਗੁਰਚਰਨ ਸਿੰਘ ਗੁਰੂਸਰ, ਬਲਦੇਵ ਸਿੰਘ ਮਾਸਟਰ, ਕੁਲਦੀਪ ਸਿੰਘ, ਜਸਵਿੰਦਰਪਾਲ ਸਿੰਘ ਗ੍ਰੰਥੀ, ਗੁਰਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਦੀਪ ਸਿੰਘ, ਸੁਖਜੀਵਨ ਸਿੰਘ, ਤਜਿੰਦਰ ਸਿੰਘ, ਸਤਪਾਲ ਸਿੰਘ ਦੇਹੜਕਾ, ਜਸਪਾਲ ਸਿੰਘ ਇੰਸਪੈਕਟਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ।
ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਸਮਾਗਮ
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੋਮਣੀ ਭਗਤ ਸ੍ਰੀ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਜਗਰਾਉਂ ਵਿਖੇ ਸਮਾਗਮ ਹੋਇਆ। ਇਹ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਸੀ ਪੰਜਾਬੀ ਹਰਜੀਤ ਸਿੰਘ ਕੋਹਲੀ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਸੰਗਤਾਂ ਨੇ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸਮਾਗਮ ਵਿਚ ਗਿਆਨੀ ਪਰਮਵੀਰ ਸਿੰਘ ਮੋਤੀ ਨੇ ਭਗਤ ਕਬੀਰ ਜੀ ਦੇ ਜੀਵਨ ਪ੍ਰਤੀ ਸੰਗਤਾਂ ਨੂੰ ਜਾਣੂ ਕਰਵਾਇਆ। ਸੰਗਤਾਂ ਦਾ ਧੰਨਵਾਦ ਗੁਰਦੁਆਰਾ ਪ੍ਰਧਾਨ ਪ੍ਰਿੰ. ਚਰਨਜੀਤ ਸਿੰਘ ਭੰਡਾਰੀ ਵਲੋਂ ਕੀਤਾ ਗਿਆ। ਇਸ ਮੌਕੇ ਇੰਦਰਪਾਲ ਸਿੰਘ ਵਛੇਰ, ਕੁਲਬੀਰ ਸਿੰਘ ਸਰਨਾ, ਤਰਲੋਕ ਸਿੰਘ ਸਿਡਾਨਾ, ਹਰਦੇਵ ਸਿੰਘ ਹਵੇਲੀ, ਹਰਪਾਲ ਸਿੰਘ ਖ਼ਾਲਸਾ, ਗੁਰਮੀਤ ਸਿੰਘ ਬਿੰਦਰਾ, ਪਵਨਦੀਪ ਸਿੰਘ ਆਦਿ ਹਾਜ਼ਰ ਸਨ।
ਮੀਰੀ-ਪੀਰੀ ਦੇ ਮਾਲਕ ਨੇ ਸਿੱਖ ਕੌਮ ਨੂੰ ਸ਼ਸਤਰ ਵਿਦਿਆ ਦੇ ਧਾਰਨੀ ਬਣਾਇਆ-ਤਲਵੰਡੀ
ਗੁਰੂਸਰ ਸੁਧਾਰ , (ਬਲਵਿੰਦਰ ਸਿੰਘ ਧਾਲੀਵਾਲ) ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਵਿਖੇ ਛੇਵੇਂ ਪਾਤਿਸ਼ਾਹ ਮੀਰੀ-ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਕਮੇਟੀ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬੀਤੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਤੋਂ ਇਲਾਵਾ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਜਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗਿਆਨੀ ਜਗਦੇਵ ਸਿੰਘ ਮੁੱਖ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ, ਗਿਆਨੀ ਜਸਵਿੰਦਰ ਸਿੰਘ ਬਾਗੀ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥੇ ਨੇ ਸੰਗਤਾਂ ਨੂੰ ਸ਼ਬਦ ਗੁਰਬਾਣੀ, ਕਥਾ ਵਿਚਾਰਾਂ ਤੇ ਪ੍ਰਸੰਗ ਵਾਰਾਂ ਰਾਹੀਂ ਨਿਹਾਲ ਕੀਤਾ। ਹਜ਼ੂਰੀ ਰਾਗੀ ਭਾਈ ਨਿਰਭੈ ਸਿੰਘ ਤੇ ਸਾਥੀਆਂ ਵਲੋਂ ਛੇਵੇਂ ਪਾਤਿਸ਼ਾਹ ਜੀ ਦੀ ਮਹਿਮਾ ਦਾ ਸ਼ਬਦ ਗੁਰਬਾਣੀ ਰਾਹੀਂ ਉਚਾਰਨ ਕੀਤਾ ਗਿਆ। ਮੁੱਖ ਪ੍ਰਚਾਰਕ ਗਿਆਨੀ ਜਗਦੇਵ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਤੋਂ ਜਾਣੂੰ ਕਰਵਾਇਆ। ਹੋਰਨਾਂ ਕੀਰਤਨੀ ਜਥਿਆਂ, ਕਥਾ ਵਾਚਕਾਂ ਨੇ ਵੀ ਸੰਗਤਾਂ ਸਨਮੁਖ ਹਾਜ਼ਰੀ ਭਰੀ। ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਆਪਣੇ ਸੰਬੋਧਨ ਵਿਚ ਸੰਗਤਾਂ ਨੂੰ ਛੇਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਸਿੱਖਾਂ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਤਲਵਾਰਾਂ ਧਾਰਨ ਕਰਦਿਆਂ ਪ੍ਰਭੂ ਭਗਤੀ ਨਾਲ ਜੁੜੇ ਰਹਿਣ ਅਤੇ ਜਬਰ ਜੁਲਮ ਦਾ ਟਾਕਰਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਛੇਵੇਂ ਪਾਤਿਸ਼ਾਹ ਜੀ ਨੇ ਸਿੱਖ ਕੌਮ ਨੂੰ ਸ਼ਸਤਰ ਵਿਦਿਆ ਦੇ ਧਾਰਨੀ ਬਣਾ ਕੇ ਮੁਗ਼ਲ ਹਕੂਮਤ ਦੇ ਜ਼ਬਰ ਵਿਰੁੱਧ ਲੜਾਈਆਂ ਲੜੀਆਂ। ਜਥੇਦਾਰ ਤਲਵੰਡੀ ਨੇ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮੈਨੇਜਰ ਅਮਰੀਕ ਸਿੰਘ ਦਿਓਲ, ਮੈਨੇਜਰ ਨਿਰਭੈ ਸਿੰਘ ਚੀਮਨਾ ਹੇਰਾਂ, ਸਰਪੰਚ ਇੰਦਰਜੀਤ ਸਿੰਘ ਗਿੱਲ, ਪ੍ਰਧਾਨ ਚਰਨਜੀਤ ਗਿੱਲ, ਪ੍ਰਧਾਨ ਹਰਮੇਲ ਗਿੱਲ, ਪ੍ਰਧਾਨ ਪਵਨਜੀਤ ਗਿੱਲ, ਪ੍ਰਧਾਨ ਹਰਿੰਦਰਪਾਲ ਸਿੰਘ ਲਾਲੀ, ਪ੍ਰਧਾਨ ਰਜਿੰਦਰ ਸਿੰਘ ਧਾਲੀਵਾਲ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਚੇਅਰਮੈਨ ਮਿਹਰ ਸਿੰਘ ਧਾਲੀਵਾਲ, ਹਾਕਮ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਪਨਗੇਰਨ ਚੇਅਰਮੈਨ ਡਾ:ਤੇਜਪਾਲ ਸਿੰਘ ਗਿੱਲ, ਕਥਾ ਵਾਚਕ ਭਾਈ ਰਵਿੰਦਰਪਾਲ ਸਿੰਘ, ਹਜ਼ੂਰੀ ਰਾਗੀ ਰੁਪਿੰਦਰ ਸਿੰਘ, ਸਹਾਇਕ ਰਾਗੀ ਭਗਵੰਤ ਸਿੰਘ, ਗਿਆਨੀ ਹਰਭਜਨ ਸਿੰਘ ਅੱਬੂਵਾਲ, ਬਲਜੀਤ ਸਿੰਘ ਖ਼ਜ਼ਾਨਚੀ, ਗੁਰਵਿੰਦਰ ਸਿੰਘ ਸਟੋਰ ਕੀਪਰ ਆਦਿ ਸਮੇਤ ਹੋਰ ਪਤਵੰਤੇ ਤੇ ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰ ਹੋਈਆਂ।
ਪਿੰਡ ਸੋਹੀਆ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ) ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੈਂਬਸਰ ਪਾਤਿਸ਼ਾਹੀ ਛੇਵੀ ਪਿੰਡ ਸੋਹੀਆ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 431ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਧਰਮਕੋਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਇਸ ਉਪਰੰਤ ਸਜਾਏ ਦੀਵਾਨਾਂ ਵਿਚ ਭਾਈ ਅਰਸ਼ਪ੍ਰੀਤ ਸਿੰਘ ਮੋਗੇ ਵਾਲਿਆਂ ਦੇ ਕੀਰਤਨੀ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਸੰਗਤਾਂ ਨੂੰ ਗੁਰੂ ਵਾਲੇ ਬਣ ਕੇ ਸਾਦਾ ਤੇ ਸੱਚਾ ਸੁੱਚਾ ਜੀਵਨ ਬਤੀਤ ਕਰਨ ਲਈ ਕਿਹਾ। ਇਸ ਮੌਕੇ ਭਾਈ ਪਰਮਜੀਤ ਸਿੰਘ ਪੰਮਾ ਲੋਪੋ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਸੋਹੀਆ, ਹਰਨੇਕ ਸਿੰਘ ਬੜਿੰਗ, ਪ੍ਰਧਾਨ ਸੁਖਮਿੰਦਰ ਸਿੰਘ ਕਾਕਾ ਸੋਹੀਆ, ਪ੍ਰਧਾਨ ਗੁਰਦੇਵ ਸਿੰਘ ਸੋਹੀਆ, ਸੂਬੇਦਾਰ ਸੁਖਜੀਤ ਸਿੰਘ ਸੋਹੀਆ, ਬਲਵੀਰ ਸਿੰਘ ਬਾਬਾ ਕਾ, ਕੁਲਵੰਤ ਸਿੰਘ, ਦਲਜੀਤ ਸਿੰਘ ਸੋਨੂੰ ਤੇ ਹਰਨੇਕ ਸਿੰਘ ਵੱਡਾ ਘਰ ਦੀ ਅਗਵਾਈ ਵਿਚ ਪ੍ਰਬੰਧਕੀ ਕਮੇਟੀ ਤੇ ਪਤਵੰਤੇ ਸੱਜਣਾ ਵੱਲੋਂ ਭਾਈ ਅਰਸ਼ਪ੍ਰੀਤ ਸਿੰਘ ਮੋਗੇ ਵਾਲਿਆ ਤੇ ਭਾਈ ਪਰਮਜੀਤ ਸਿੰਘ ਪੰਮਾ ਲੋਪੋ ਵਾਲਿਆ ਦੇ ਕਵੀਸਰੀ ਜੱਥੇ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਸੋਹੀਆ ਤੇ ਪ੍ਰਧਾਨ ਸੁਖਮਿੰਦਰ ਸਿੰਘ ਕਾਕਾ ਸੋਹੀਆ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆ ਵਧਾਈਆਂ ਦਿੱਤੀਆਂ ਤੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਜਗਤਾਰ ਸਿੰਘ ਕੁਲਾਰ, ਪੰਚ ਕੇਸਰ ਸਿੰਘ, ਸੁਖਦੀਪ ਸਿੰਘ, ਹਰਮਨਦੀਪ ਸਿੰਘ, ਇੰਦਰਜੀਤ ਸਿੰਘ ਖਾਲਸਾ ਪੱਬੀਆ, ਜਗਮੋਹਨ ਸਿੰਘ ਭੋਲਾ, ਜਸਵੰਤ ਸਿੰਘ ਡੁਬਈ ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਹਰਜੋਤ ਸਿੰਘ, ਹਰਮੀਤ ਸਿੰਘ, ਹਰੀ ਸਿੰਘ, ਦਲਜੀਤ ਸਿੰਘ ਸੋਹੀ, ਪੰਚ ਹਾਕਮ ਸਿੰਘ, ਕੁਲਜੀਤ ਸਿੰਘ ਸਰਾ, ਰਣਵੀਰ ਸਿੰਘ, ਦਲਪ੍ਰੀਤ ਸਿੰਘ, ਅਰਸਦੀਪ ਸਿੰਘ, ਅਰਸੀ ਸੋਹੀਆ, ਪੰਚ ਕੁਲਦੀਪ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਜੁਗਰਾਜ ਸਿੰਘ ਸੋਮਲ, ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਲਿੱਤਰਾਂ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ
* ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜ੍ਹਿਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਮੀਰੀ-ਪੀਰੀ ਦੇ ਮਾਲਕ, ਸਾਹਿਬ-ਏ-ਕਮਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ 6ਵੀਂ ਪਿੰਡ ਲਿੱਤਰਾਂ ਵਿਖੇ ਛੇਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਕਰਵਾਏ ਗਏ ਅਖੰਡ ਪਾਠ ਦੇ ਸਵੇਰੇ 9 ਵਜੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਕਰੀਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਨੂਰਪੁਰੇ ਵਾਲਿਆਂ ਦੇ ਜੱਥੇ ਵੱਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰਇਤਿਹਾਸ ਨਾਲ ਜੋੜ੍ਹਿਆ। ਸਮਾਗਮ ਦੌਰਾਨ ਪੰਥ ਪ੍ਰਸਿੱਧ ਢਾਡੀ ਭਾਈ ਗੁਰਦੇਵ ਸਿੰਘ ਕੋਮਲ ਸ਼ਾਹਕੋਟੀ ਦੇ ਜਥੇ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਉਨ੍ਹਾਂ ਵੱਲੋਂ ਛੇਵੇਂ ਪਾਤਿਸ਼ਾਹ ਜੀ ਦੇ ਜੀਵਨ ਇਤਿਹਾਸ, ਮੀਰੀ-ਪੀਰੀ ਦੀਆਂ ਤਲਵਾਰਾਂ ਧਾਰਨ ਕਰਨ ਅਤੇ ਗੁਰੂ ਸਾਹਿਬ ਵੱਲੋਂ ਲੜ੍ਹੀਆਂ ਗਈਆਂ ਜੰਗਾਂ ਬਾਰੇ ਬੀਰ-ਰਸੀ ਵਾਰਾਂ ਪੇਸ਼ ਕੀਤੀਆਂ। ਇਸ ਮੌਕੇ ਸਰਪੰਚ ਸੁਰਜੀਤ ਸਿੰਘ ਲਿੱਤਰਾਂ, ਸਾਬਕਾ ਸਰਪੰਚ ਗੁਰਮੇਲ ਸਿੰਘ ਲਿੱਤਰਾਂ, ਡਾ: ਅਰਵਿੰਦ ਸਿੰਘ ਸੋਹੀ, ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਨੂਰਪੁਰਾ, ਗੁਰਮੇਲ ਸਿੰਘ ਨੂਰਪੁਰਾ, ਸੁਰਜੀਤ ਸਿੰਘ ਸੋਹੀ, ਫੌਜੀ ਗੁਰਮੇਲ ਸਿੰਘ, ਬਾਬਾ ਬੇਅੰਤ ਸਿੰਘ ਬੰਟੀ, ਕਰਮਜੀਤ ਸਿੰਘ, ਮੋਹਣ ਸਿੰਘ, ਮਿਸਤਰੀ ਦੀਪ ਸਿੰਘ, ਪੰਚ ਹਰਮੇਲ ਸਿੰਘ ਹੇਅਰ, ਸਾਬਕਾ ਪੰਚ ਹਰਬੰਸ ਸਿੰਘ ਸੋਹੀ, ਨੰਬਰਦਾਰ ਨਾਇਬ ਸਿੰਘ, ਭੁਪਿੰਦਰ ਸਿੰਘ, ਸਬ-ਇੰਸਪੈਕਟਰ ਗੁਰਚਰਨ ਸਿੰਘ, ਸਾਬਕਾ ਕਮੇਟੀ ਮੈਂਬਰ ਸੱਜਣ ਸਿੰਘ, ਰਾਜਿੰਦਰ ਸਿੰਘ ਰਾਜਾ, ਤਰਲੋਚਨ ਸਿੰਘ ਬਰ੍ਹਮੀ ਜ਼ਿਲ੍ਹਾ ਪ੍ਰਧਾਨ ਬੀਕੇਯੂ (ਰਾਜੇਵਾਲ), ਚੇਅਰਮੈਨ ਬਲਵੰਤ ਸਿੰਘ ਬੁਰਜ ਲਿੱਟਾਂ, ਹਰਮੇਲ ਸਿੰਘ ਬਿੱਟੂ, ਗੁਰਮੇਲ ਸਿੰਘ ਹੇਅਰ, ਗੁਰਦੀਪ ਸਿੰਘ ਸੋਹੀ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅਜੀਤ ਡੈਸਕ
01-07-2026