ਜਗਰਾਉਂ, 4 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਸਮਰਾਲਾ ਹਾਕੀ ਕਲੱਬ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਉੱਭਰਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਾਬਾ ਸਾਹਿਬ ਸਿੰਘ ਬੇਦੀ ਹਾਕੀ ਅਕੈਡਮੀ ਪਿੰਡ ਅਖਾੜਾ ਦੀਆਂ ਹੋਣਹਾਰ ਖਿਡਾਰਨਾਂ ਨੂੰ ਹਾਕੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਸਾਹਿਬ ਸਿੰਘ ਬੇਦੀ ਹਾਕੀ ਕਲੱਬ ਦੇ ਪ੍ਰਧਾਨ ਕਲਵਿੰਦਰ ਸਿੰਘ ਸਮਰਾ ਅਤੇ ਡਾ: ਮਲਕੀਤ ਸਿੰਘ ਕਲੇਰ ਨੇ ਆਖਿਆ ਕਿ ਸਮਰਾਲਾ ਹਾਕੀ ਕਲੱਬ ਦੇ ਇਸ ਯਤਨ ਨਾਲ ਬੱਚੀਆਂ ਨੂੰ ਹੋਰ ਹੌਂਸਲਾ ਮਿਲੇਗਾ। ਇਸ ਮੌਕੇ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੇਦੀ ਨੇ ਕਿਹਾ ਕਿ ਪਿੰਡ ਅਖਾੜਾ ਦੀਆਂ ਬੇਟੀਆਂ ਹਾਕੀ ਦੇ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਕੈਡਮੀ ਦੀਆਂ ਖਿਡਾਰਨਾਂ ਨੇ ਅੰਡਰ-14 ਪੰਜਾਬ ਸਕੂਲ ਖੇਡਾਂ ਦੇ ਹਾਕੀ ਮੁਕਾਬਲਿਆਂ ਵਿੱਚ ਸੂਬਾ ਭਰ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਵਿਲੱਖਣ ਪਛਾਣ ਬਣਾਈ ਹੈ, ਜੋ ਸਮੁੱਚੇ ਇਲਾਕੇ ਲਈ ਮਾਣ ਵਾਲੀ ਪ੍ਰਾਪਤੀ ਹੈ।ਉਨ੍ਹਾਂ ਕਿਹਾ ਕਿ ਸਮਰਾਲਾ ਹਾਕੀ ਕਲੱਬ ਵੱਲੋਂ ਖੇਡਾਂ ਦੇ ਵਿਕਾਸ ਲਈ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਸਮਰਾਲਾ ਹਾਕੀ ਕਲੱਬ ਦੇ ਸਰਪ੍ਰਸਤ ਕਮਲਜੀਤ ਸਿੰਘ ਮੱਲ੍ਹੀ, ਕੈਸ਼ੀਅਰ ਮਨਦੀਪ ਸਿੰਘ ਰਿਆਤ, ਸਕੱਤਰ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਿੰਡ ਅਖਾੜਾ ਤੋਂ ਡਾ: ਮਲਕੀਤ ਸਿੰਘ, ਮਾਸਟਰ ਗੁਲਵੰਤ ਸਿੰਘ, ਜਸਵੀਰ ਸਿੰਘ, ਅਸ਼ਵਨੀ ਕੁਮਾਰ ਸ਼ਰਮਾ, ਸੂਬੇਦਾਰ ਸਰਬਜੀਤ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਬਲਜੀਤ ਸਿੰਘ, ਨੀਲੂ ਬਰਿਆਰ, ਕੁਲਵਿੰਦਰ ਕਿੰਦਾ ਫੌਜੀ, ਅੰਮ੍ਰਿਤਪਾਲ ਸਿੰਘ ਅਤੇ ਨਰਿੰਦਰ ਸਿੰਘ ਹਾਜ਼ਰ ਸਨ।