ਰਾਏਕੋਟ, 6 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਵਫ਼ਦ ਵਲੋਂ ਸ਼ਾਂਝੇ ਤੌਰ ’ਤੇ ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਐੱਸ.ਡੀ.ਐੱਮ ਦੀ ਗੈਰ-ਹਾਜ਼ਰੀ ਵਿੱਚ ਸੁਪਰਡੈਂਟ ਸਰਬਜੀਤ ਸਿੰਘ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਕਾਮਰੇਡ ਸਤਨਾਮ ਸਿੰਘ ਵੜੈਚ, ਕਾਮਰੇਡ ਬਲਜੀਤ ਸਿੰਘ ਗਰੇਵਾਲ ਅਤੇ ਹਰਪਾਲ ਸਿੰਘ ਭੈਣੀ ਦਰੇੜਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨੂੰ ਚੋਣਾਂ ਮੌਕੇ ਝੂਠੇ ਸਬਜ਼ਬਾਗ ਦਿਖਾ ਕੇ ਵੋਟਾਂ ਪ੍ਰਾਪਤ ਕਰਕੇ ਸੱਤਾ ਤਾਂ ਹਾਸਲ ਕਰ ਲਈ ਹੈ, ਪ੍ਰੰਤੂ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ ਅਤੇ ਸਰਕਾਰਾਂ ਚੁੱਪ ਧਾਰੀ ਬੈਠੀਆਂ ਹਨ। ਜਿਸ ਦੇ ਰੋਸ ਵਜੋਂ ਜਥੇਬੰਦੀਆਂ ਵਲੋਂ ਵਾਰ-ਵਾਰ ਸੰਘਰਸ਼ ਉਲੀਕਣ ਦੇ ਬਾਵਜੂਦ ਵੀ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋਈਆਂ। ਆਗੂਆਂ ਨੇ ਦੱਸਿਆ ਕਿ ਅੱਜ ਰਾਜਪਾਲ ਪੰਜਾਬ ਦੇ ਨਾਂਅ ਭੇਜੇ ਮੰਗ-ਪੱਤਰ ਵਿਚ ਵੀ.ਬੀ. ਜੀ ਰਾਮ ਜੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2025 ਨੂੰ ਤੁਰੰਤ ਵਾਪਸ ਲਿਆ ਜਾਵੇ, ਮੁਕਤ ਵਪਾਰ ਸੰਧੀ ਨੂੰ ਰੱਦ ਕੀਤਾ ਜਾਵੇ, ਬੇ-ਜ਼ਮੀਨੇ ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਂਟ ਦਿੱਤੇ ਜਾਣ, ਬਾਰਡਰ ਤੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਕੇਂਦਰ ਸਰਕਾਰ 30 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਤਾਰ ਤੋਂ ਪਾਰ ਖੇਤੀ ਕਰਨ ਦੇ ਸਮੇਂ ਵਿਚ ਵਾਧਾ ਕੀਤਾ ਜਾਵੇ, ਯੂਰੀਆ ਤੇ ਡੀ.ਏ.ਪੀ ਖਾਦ ਦੇ ਨਾਲ ਜ਼ਬਰਦਸਤੀ ਹੋਰ ਬੇਲੋੜੀ ਸਮੱਗਰੀ ਲਗਾ ਕੇ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਤੁਰੰਤ ਬੰਦ ਕੀਤਾ ਜਾਵੇ, ਡੀਜ਼ਲ-ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਘਟਾਈਆਂ ਜਾਣ, ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਹੜ੍ਹਾਂ ਤੋਂ ਬਚਾਅ ਲਈ ਦਰਿਆਵਾਂ ਅਤੇ ਸਾਰੇ ਧੁੱਸੀ ਬੰਨ੍ਹਾਂ ਦੀ ਤੁਰੰਤ ਮੁਰੰਮਤ ਕਰਵਾਉਣ ਆਦਿ ਮੰਗਾਂ ਸਬੰਧੀ ਅਵਾਜ਼ ਉਠਾਈ ਗਈ ਹੈ। ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੁਖਦੀਪ ਸਿੰਘ ਗਰੇਵਾਲ, ਕੁਲਦੀਪ ਸਿੰਘ ਤਹਿਸੀਲ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਮਾ. ਫਕੀਰ ਚੰਦ ਦੱਧਾਹੂਰ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਅਮਰ ਸਿੰਘ ਜਲਾਲਦੀਵਾਲ, ਪਰਮਿੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸੀਲੋਆਣੀ, ਜਸਪ੍ਰੀਤ ਸਿੰਘ ਜੌਹਲਾਂ, ਬਹਾਦਰ ਸਿੰਘ ਜੌਹਲਾਂ, ਸੁਖਚੈਨ ਸਿੰਘ ਸਕੱਤਰ, ਦਰਸ਼ਨ ਸਿੰਘ ਜੌਹਲਾਂ, ਬਲਵੀਰ ਸਿੰਘ ਤਹਿਸੀਲ ਪ੍ਰਧਾਨ, ਬਲਵਿੰਦਰ ਸਿੰਘ, ਚਰਨ ਸਿੰਘ, ਜੰਗੀਰ ਸਿੰਘ, ਮਹਿੰਦਰ ਸਿੰਘ, ਹਰਜਿੰਦਰ ਸਿੰਘ ਗਰੇਵਾਲ, ਜੰਗ ਸਿੰਘ, ਨਿਰਮਲ ਸਿੰਘ ਬੁਰਜ ਹਰੀ ਸਿੰਘ, ਲਾਲਜੀਤ ਸਿੰਘ ਬੁਰਜ ਹਰੀ ਸਿੰਘ, ਆਤਮਾ ਸਿੰਘ ਲੋਹਟਬੱਦੀ, ਦਰਸ਼ਨ ਸਿੰਘ ਜੌਹਲਾਂ, ਪ੍ਰਕਾਸ਼ ਸਿੰਘ ਭੈਣੀ ਦਰੇੜਾ, ਚਰਨਜੀਤ ਸਿੰਘ ਰਾਏਕੋਟ, ਨਿਰਮਲ ਸਿੰਘ ਭੱਟੀ, ਰਾਮ ਸਿੰਘ ਆਦਿ ਹਾਜ਼ਰ ਸਨ।