ਜਗਰਾਉਂ, 15 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ) ਬਿਜਲੀ ਮੁਲਾਜ਼ਮਾਂ ਨੇ ਆਪਣੇ ਸੰਘਰਸ਼ ਦਾ ਬਿਗੁਲ ਵਜਾਉਂਦਿਆਂ 21 ਤੇ 22 ਜੁਲਾਈ 2026 ਨੂੰ ਸਮੂਹਿਕ ਛੁੱਟੀ ਚਲੇ ਜਾਣ ਦਾ ਐਲਾਨ ਕਰ ਦਿੱਤਾ ਹੈ। ਬਿਜਲੀ ਵਿਭਾਗ ਦੇ ਜਗਰਾਉਂ ਮੰਡਲ ਵਿਖੇ ਇਕੱਠੇ ਹੋਏ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਆਖਿਆ ਕਿ ਪੰਜਾਬ ਦੇ ਭਗਵੰਤ ਮਾਨ ਇੱਕ ਪਾਸੇ ਤਾਂ ਲੋਕ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਪੰਜਾਬ ਭਰ ਦੇ ਮੁਲਾਜ਼ਮਾਂ ਦੇ ਡੀ.ਏ. ਦਾ ਹੱਕ ਦੱਬਕੇ ਮੂਕ ਦਰਸ਼ਕ ਬਣੇ ਹੋਏ ਹਨ ਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਬਜਾਇ ਟਾਲ-ਮਟੋਲ ਕਰ ਰਹੀ ਹੈ, ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜ਼ਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਟੀ.ਐੱਸ.ਯੂ. ਦੇ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਕਲੇਰ ਨੇ ਆਖਿਆ ਕਿ ਪਾਵਰਕਾਮ ਮੈਨੇਜਮੈਂਟ ਦੇ ਅੜ੍ਹੀਅਲ ਰਵੱਈਏ ਤੋਂ ਤੰਗ ਬਿਜਲੀ ਮੁਲਾਜ਼ਮ ਭਾਰੀ ਬੇਚੈਨੀ ਵਿੱਚੋਂ ਗੁਜ਼ਰ ਰਹੇ ਹਨ, ਕਿਉਂਕਿ ਇੱਕ ਪਾਸੇ ਤਾਂ ਪੈਡੀ ਤੇ ਗਰਮੀ ਦਾ ਸੀਜ਼ਨ ਹੋਣ ਕਾਰਨ ਬਿਜਲੀ ਮੁਲਾਜ਼ਮਾਂ ਉਪਰ ਕੰਮ ਦਾ ਭਾਰੀ ਬੋਝ ਹੈ ਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਟੂਲ ਕਿੱਟਾਂ ਤੇ ਲੋੜੀਂਦੇ ਸਾਧਨ ਮੁਹੱਈਆ ਕਰਵਾਉਣ ਦੀ ਬਜਾਇ ਵੱਖਰੇ ਮੋਬਾਇਲ ਫੋਨ ਤੇ ਸਿੰਮ ਜਾਰੀ ਕਰਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਕਿ ਬਿਜਲੀ ਮੁਲਾਜ਼ਮ ਦਿਨ ਅਤੇ ਰਾਤ ਸਮੇਂ ਵੀ ਕੰਮ ਕਰਦੇ ਹਨ। ਇਸ ਤੋਂ ਇਲਾਵਾ ਬਿਜਲੀ ਮੰਤਰੀ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਤਾਂ ਲਈਆਂ ਸਨ, ਪਰੰਤੂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਡੀ.ਏ. ਰੋਕ ਰੱਖਿਆ ਹੈ, ਜਿਸ ਦੇ ਵਿਰੋਧ ਵਿੱਚ ਬਿਜਲੀ ਮੁਲਾਜ਼ਮ ਪੰਜਾਬ ਸਰਕਾਰ ਤੇ ਮੈਨੇਜਮੈਂਟ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੁਆਇੰਟ ਫੋਰਮ ਪੰਜਾਬ ਦੇ ਸੱਦੇ ‘ਤੇ ਇੱਕ ਜੁਲਾਈ 2026 ਤੋਂ ਲਗਾਤਾਰ ਵਰਕ-ਟੂ-ਰੂਲ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ 21 ਤੇ 22 ਜੁਲਾਈ ਨੂੰ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਉੱਪਰ ਚਲੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਹਰਵਿੰਦਰ ਸਿੰਘ ਸਵੱਦੀ, ਭੁਪਿੰਦਰ ਸਿੰਘ ਸੇਖੋਂ, ਅਪਤਿੰਦਰ ਸਿੰਘ ਸਿੱਧੂ ਸਿੱਧਵਾਂ ਬੇਟ, ਅਮਨਦੀਪ ਸਿੰਘ ਡੱਲਾ, ਮਨਜੀਤ ਕੁਮਾਰ, ਰਜਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਮਲਕ, ਜਗਜੀਤ ਸਿੰਘ ਦੇਹੜਕਾ, ਅਵਤਾਰ ਸਿੰਘ ਭੀਪਾ ਕਲੇਰ, ਕੇਵਲ ਸਿੰਘ ਬੋਦਲਵਾਲਾ, ਰਾਮ ਚੰਦਰ, ਮਨਦੀਪ ਸਿੰਘ ਭਦੌੜ, ਲਪਿੰਦਰ ਸਿੰਘ, ਦਲਜੀਤ ਸਿੰਘ ਜੇਈ, ਸੁਖਚੈਨ ਸਿੰਘ ਜੇਈ, ਮਨਪ੍ਰੀਤ ਸਿੰਘ ਜੇਈ, ਗੁਰਪ੍ਰੀਤ ਸਿੰਘ ਫਾਜ਼ਿਲਕਾ, ਅਮ੍ਰਿਤਪਾਲ ਸਿੰਘ, ਗੁਰਿੰਦਰ ਸਿੰਘ ਡਾਂਗੀਆਂ, ਮਾਨਪ੍ਰੀਤ ਸਿੰਘ ਆਦਿ ਨੇ ਵੀ ਨਾਅਰੇਬਾਜ਼ੀ ਕਰਦੇ ਹੋਏ 21-22 ਜੁਲਾਈ ਨੂੰ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ।