ਚੌਂਕੀਮਾਨ, 25 ਜੁਲਾਈ (ਚੱਢਾ) ਪਿੰਡ ਤਲਵੰਡੀ ਖੁਰਦ ਦੇ ਸੀਨੀਅਰ ‘ਆਪ’ ਆਗੂ ਨੰਬਰਦਾਰ ਹਰਪ੍ਰੀਤ ਸਿੰਘ ਸਰਾਂ ਨੇ ‘ਆਪ’ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲਨੈਨ ਸਿੰਘ ਕੰਗ ਦਾ ਧੰਨਵਾਦ ਕੀਤਾ, ਜਿਨਾਂ ਦੀ ਅਗਵਾਈ ਵਿਚ ਪਿੰਡ ਦਾ ਵਿਕਾਸ ਹੋਇਆ ਤੇ ਲੋਕਾਂ ਨੂੰ ਸਹੂਲਤ ਦਿੰਦੇ ਹੋਏ ਪਿੰਡ ਤਲਵੰਡੀ ਖੁਰਦ ਤੋਂ ਸਵੱਦੀ ਕਲਾਂ ਤੱਕ 18 ਫੁੱਟੀ ਸੜਕ, ਤਲਵੰਡੀ ਖੁਰਦ ਤੋਂ ਪਿੰਡ ਮੁੱਲਾਂਪੁਰ ਤੱਕ 22 ਫੁੱਟੀ ਸੜਕ ਤੇ ਤਲਵੰਡੀ ਖੁਰਦ ਤੋਂ ਤਲਵੰਡੀ ਕਲਾਂ ਤੱਕ ਸੜਕਾਂ ਬਣਾਈਆਂ ਗਈਆਂ ਤੇ ਇਸ ਦੇ ਨਾਲ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਪਿੰਡ ਵਿਚ ਮੁਹੱਲਾ ਕਲੀਨਿਕ ਬਣਾ ਕੇ ਲੋਕਾਂ ਨੁੰ ਸਹੂਲਤ ਮੁਹੱਈਆਂ ਕਰਵਾਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੁੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਪਿੰਡ ਤਲਵੰਡੀ ਖੁਰਦ ਦੇ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਤਹਿਤ ‘ਮੇਰੀ ਰਸੋਈ ਯੋਜਨਾ ਤਹਿਤ ਘਰ-ਘਰ ਰਾਸਨ ਪੁੱਜਦਾ ਕੀਤਾ ਤੇ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਵਾਲੇ ਕਾਰਡ ਬਣਾ ਕੇ ਸਹੂਲਤ ਦਿੱਤੀ। ਨੰਬਰਦਾਰ ਹਰਪ੍ਰੀਤ ਸਿੰਘ ਸਰਾਂ ਨੇ ਕਿਹਾ ਕਿ 2027 ਵਿਚ ਮੁੜ ਤੋਂ ਸੂਬੇ ਦੀ ਵਾਂਗਡੋਰ ‘ਆਪ’ ਦੇ ਹੱਥਾਂ ਵਿਚ ਹੋਵੇਗੀ, ਕਿਉਂਕਿ ਸਰਕਾਰ ਵਲੋਂ ਕੀਤੇ ਵਿਕਾਸ ਦੇ ਕੰਮ ਲੋਕਾਂ ਸਾਹਮਣੇ ਹਨ।