ਜਗਰਾਉਂ, 25 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਸਨਮਤੀ ਮੰਤਰੀ ਸੇਵਾ ਸੰਘ ਜਗਰਾਉਂ ਵਿਖੇ ਓਰੇਨ ਬਿਊਟੀ ਪਾਰਲਰ ਜਗਰਾਉਂ ਵੱਲੋਂ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਤੀਆਂ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਗਾਏ। ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ, ਜਿਸ ਨੂੰ ਸੰਭਾਲਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਓਰੇਨ ਬਿਊਟੀ ਪਾਰਲਰ ਵੱਲੋਂ ਇਸ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਸੁਪ੍ਰਿਆ ਖੁਰਾਨਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਯੂਨੀਰਾਈਜ਼ ਸਕੂਲ ਦੇ ਪ੍ਰਿੰਸੀਪਲ ਨੇਹਾ ਰਤਨ ਅਤੇ ਪ੍ਰਸਿੱਧ ਗਾਇਕ ਸਿੱਪੀ ਗਿੱਲ ਦੀ ਪਤਨੀ ਅਰਲੀਨ ਕੌਰ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮਹਿਲਾਵਾਂ ਨੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗਿਆ ਰਿਹਾ।ਅੰਤ ਵਿੱਚ ਪ੍ਰਬੰਧਕਾਂ ਨੇ ਸਮੂਹ ਮਹਿਮਾਨਾਂ, ਭਾਗੀਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਮਾਜ ਵਿੱਚ ਆਪਸੀ ਪਿਆਰ, ਸਾਂਝ ਅਤੇ ਆਪਣੀ ਵਿਰਾਸਤ ਪ੍ਰਤੀ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।