ਜਗਰਾਉਂ, 26 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਬਹੁਜਨ ਸਮਾਜ ਪਾਰਟੀ ਦੀ ਵਿਧਾਨ ਸਭਾ ਹਲਕਾ ਜਗਰਾਉਂ ਟੀਮ ਨੇ ਅੱਜ ਇਥੋਂ ਨਜ਼ਦੀਕੀ ਪੈਂਦੇ ਪਿੰਡ ਗਾਲਿਬ ਕਲਾਂ ਵਿਖੇ ਪਰਗਣ ਬਿਲਗਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਸਮੀਖਿਆ ਕੀਤੀ ਗਈ ਤੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੀਆਂ ਗਤੀਵਿਧੀਆਂ ਦਾ ਰੋਡ ਮੈਪ ਤਿਆਰ ਕੀਤਾ ਗਿਆ। ਮੀਟਿੰਗ ਵਿਚ ਦੂਜਾ ਅਹਿਮ ਮਸਲਾ ਜੋ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਮਜ਼ਦੂਰਾਂ, ਮੁਲਾਜ਼ਮਾਂ ਤੇ ਨਰੇਗਾ ਵਰਕਰਾਂ ਆਦਿ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ’ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਘੋਰ ਅੱਤਿਆਚਾਰਾਂ ਬਾਰੇ ਸਾਰੇ ਹੀ ਅਹੁਦੇਦਾਰਾਂ ਨੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਤੇ ਨਾਲ ਹੀ ਇਹ ਵੀ ਪ੍ਰਣ ਕੀਤਾ ਕਿ ਆਪਣੇ ਉਨ੍ਹਾਂ ਪੀੜਤ ਸਾਥੀਆਂ ਨੂੰ ਇਨਸਾਫ਼ ਦਿਵਾਉਣ ਲਈ ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਰੇ ਅਹੁਦੇਦਾਰਾਂ ਵਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ ਅਤੇ ਅੱਜ 27 ਜੁਲਾਈ ਨੂੰ ਜ਼ਿਲ੍ਹਾ ਪੱਧਰ ਉੱਪਰ ਬਸਪਾ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਵੀ ਸਾਰੇ ਅਹੁਦੇਦਾਰ ਆਪਣੇ ਸਾਥੀਆਂ ਸਮੇਤ ਸ਼ਿਰਕਤ ਕਰਨਗੇ। ਇਸ ਮੀਟਿੰਗ ਵਿੱਚ ਹਲਕੇ ਦੇ ਪ੍ਰਧਾਨ ਰਛਪਾਲ ਸਿੰਘ ਗਾਲਿਬ ਨੇ ਆਪਣੇ ਵਿਚਾਰ ਰੱਖਦਿਆਂ ਪੰਜਾਬ ਦੇ ਸਮੂਹ ਕਿਰਤੀ ਸਮਾਜ ਨੂੰ ਅਪੀਲ ਕੀਤੀ ਕਿ ਅਸੀਂ ਲੋਕ ਕਦੋਂ ਤੱਕ ਇਨ੍ਹਾਂ ਲੋਕਾਂ ਦੀ ਕੁੱਟ ਖਾਂਦੇ ਰਹਾਂਗੇ, ਉਨ੍ਹਾ ਸਾਰੇ ਗਰੀਬ ਵਰਗ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾ ਸਕੇ। ਇਸ ਮੌਕੇ ਅਮਰਜੀਤ ਸਿੰਘ ਭੱਟੀ ਜਨਰਲ ਸਕੱਤਰ, ਡਾ. ਸੁਖਵਿੰਦਰ ਸਿੰਘ ਖ਼ਜ਼ਾਨਚੀ, ਲਖਬੀਰ ਸਿੰਘ ਸੀਰਾ ਸਕੱਤਰ, ਲਛਮਣ ਸਿੰਘ ਸੀਨੀਅਰ ਬਸਪਾ ਆਗੂ, ਸੂਬੇਦਾਰ ਸਾਧੂ ਸਿੰਘ ਸੀਨੀਅਰ ਬਸਪਾ ਆਗੂ ਅਤੇ ਯੂਥ ਆਗੂ ਬਬਲਾ ਸਿੰਘ ਆਦਿ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ ਅਤੇ ਅੱਜ ਦਿੱਤੇ ਜਾ ਰਹੇ ਧਰਨੇ ਵਿਚ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਪਹੁੰਚਣ ਦੀ ਅਪੀਲ ਕੀਤੀ।
ਗ਼ਰੀਬਾਂ ਉੱਪਰ ਕੀਤੇ ਗਏ ਜ਼ੁਲਮਾਂ ਦਾ 2027 ਚੋਣਾਂ ’ਚ ਲੋਕ ਹਿਸਾਬ ਚੁੱਕਦਾ ਕਰਨਗੇ- ਬਹੁਜਨ ਸਮਾਜ ਪਾਰਟੀ
ਅਜੀਤ ਡੈਸਕ
27-07-2026