ਜਗਰਾਉਂ, 26 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)- ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ 79ਵਾਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਚੈੱਕਅੱਪ ਤੇ ਅਪ੍ਰੇਸ਼ਨ ਕੈਂਪ ਸਵ. ਜੋਗਿੰਦਰ ਸਿੰਘ ਉਬਰਾਏ ਦੀ ਯਾਦ ਵਿਚ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ ਮਦਨ ਲਾਲ ਅਰੋੜਾ ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿਚ ਲੰਮਿਆਂ ਵਾਲਾ ਬਾਗ ਨੇੜੇ ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਅਮਰਜੀਤ ਸਿੰਘ ਉਬਰਾਏ ਅਤੇ ਇੰਦਰਜੀਤ ਉਬਰਾਏ ਦੇ ਪਰਿਵਾਰ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵਲੋਂ 117 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕਰਨ ਤੋਂ ਬਾਅਦ 42 ਮਰੀਜ਼ਾਂ ਦੀ ਚੋਣ ਕੀਤੀ, ਜਿਨਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਆਉਂਦੇ ਇਕ-ਦੋ ਦਿਨਾਂ ਵਿਚ ਸ਼ੰਕਰਾ ਆਈ ਹਸਪਤਾਲ ਵਿਚ ਬਿਲਕੁੱਲ ਮੁਫ਼ਤ ਸੁਸਾਇਟੀ ਵਲੋਂ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਸਪਤਾਲ ਮਰੀਜ਼ਾਂ ਨੂੰ ਲੈ ਕੇ ਜਾਣ ਅਤੇ ਅਪ੍ਰੇਸ਼ਨ ਉਪਰੰਤ ਲੈ ਕੇ ਆਉਣ ਦਾ ਸਾਰਾ ਪ੍ਰਬੰਧ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਹਰੇਕ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਇਹ ਕੈਂਪ ਲਗਾਇਆ ਜਾਂਦਾ ਹੈ ਤਾਂ ਕਿ ਇਲਾਕੇ ਵਿਚੋਂ ਅੰਨੇਪਣ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਵਾਈਸ ਚੇਅਰਮੈਨ ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਡਾਕਟਰ ਬੀ.ਬੀ. ਬਾਂਸਲ, ਪ੍ਰਵੀਨ ਮਿੱਤਲ, ਪ੍ਰਧਾਨ ਰਾਜਪਾਲ ਜੈਨ, ਕੈਪਟਨ ਨਰੇਸ਼ ਵਰਮਾ, ਜਸਵੰਤ ਸਿੰਘ, ਮੁਕੇਸ਼ ਗੁਪਤਾ, ਸਤੀਸ਼ ਕਟਾਰੀਆ ਆਦਿ ਮੈਂਬਰ ਹਾਜ਼ਰ ਸਨ।