ਹੰਬੜਾਂ, 28 ਜੁਲਾਈ (ਮੇਜਰ ਹੰਬੜਾਂ)-ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਕੀਤੇ ਜਾਣਾ ‘ਆਪ’ ਸਰਕਾਰ ਦੀ ਨਿੰਦਣਯੋਗ ਕਾਰਵਾਈ ਹੈ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਐੱਸ.ਸੀ. ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਨੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਕਾਰਜਕਾਲ ’ਚ ਧਰਨੇ ਮੁਜ਼ਾਹਰੇ ਨਾ ਹੋਣ ਸਬੰਧੀ ਦਾਅਵੇ ਕੀਤੇ ਜਾ ਰਹੇ ਸਨ, ਪਰ ਅੱਜ ਉਸ ਦੇ ਉਲਟ ‘ਆਪ’ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹਰ ਰੋਜ਼ ‘ਆਪ’ ਸਰਕਾਰ ਵਿਰੁੱਧ ਧਰਨੇ ’ਤੇ ਮੁਜ਼ਾਹਰੇ ਹੋ ਰਹੇ ਹਨ ਤੇ ਇਥੋਂ ਤੱਕ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ’ਤੇ ਵੀ ‘ਆਪ’ ਸਰਕਾਰ ਮੁਲਾਜ਼ਮ ਵਰਗ ’ਤੇ ਡਾਂਗਾ ਵਰਾਅ ਰਹੀ ਹੈ, ਜੋ ਕਿ ਸਰਕਾਰ ਦੀ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।ਚੇਅਰਮੈਨ ਲਹਿਰਾ ਨੇ ਕਿਹਾ ਕਿ ਸੂਬੇ ਦੇ ਲੋਕ ‘ਆਪ’ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸੱਤ੍ਹਾ ਤੋਂ ਉਲਾਂਭੇ ਕਰਦਿਆਂ ਸਬਕ ਸਿਖਾਉਣਗੇ ਤੇ ਸੂਬੇ ’ਚ ਕਾਂਗਰਸ ਸਰਕਾਰ ਬਣਾਕੇ ਸੂਬੇ ਨੂੰ ਇਨ੍ਹਾਂ ਝਾੜੂ ਵਾਲਿਆਂ ਤੋਂ ਮੁਕਤ ਕਰਵਾਉਣਗੇ।ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਅੱਜ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋ ਰਹੀ ਹੈ, ਜਿਸ ਦੀ ਮਿਸਾਲ ਸੂਬੇ ਅੰਦਰ ਹਰ ਵਰਗ ਵਲੋਂ ਸਰਕਾਰ ਵਿਰੁੱਧ ਖੋਲੇ ਗਏ ਮੋਰਚੇ ਤੋਂ ਸਾਫ਼ ਨਜ਼ਰ ਆ ਰਿਹਾ ਹੈ ਅੱਜ ਸੂਬੇ ’ਚ ਸੇਵਾ ਕੇਂਦਰ ਦੇ ਮੁਲਾਜ਼ਮ ਹੜਤਾਲ ’ਤੇ ਹਨ, ਪਟਵਾਰੀ ਹੜਤਾਲ ’ਤੇ ਚੱਲ ਰਹੇ ਹਨ, ਆਮ ਆਦਮੀ ਕਲੀਨਕਾ ਦੇ ਡਾਕਟਰ ਹੜਤਾਲ ’ਤੇ ਹੋਣ ਕਾਰਨ ਮਰੀਜ਼ ਖੱਜ਼ਲ ਹੋ ਰਹੇ ਹਨ ਤੇ ਬਿਜਲੀ ਕਰਮਚਾਰੀ ਹੜਤਾਲ ’ਤੇ ਉੱਤਰ ਆਏ ਹਨ, ਜਿਸ ਸਾਫ਼ ਹੈ ਕਿ ਸੂਬੇ ’ਚ ‘ਆਪ’ ਸਰਕਾਰ ਦੀ ਸਥਿਤੀ ਡਾਂਵਾਡੋਲ ਹੋ ਚੁੱਕੀ ਹੈ।