ਜਗਰਾਉਂ, 29 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨਜ਼ ਕਲੱਬ ਜਗਰਾਉਂ ਦੀ ਨਵ-ਨਿਯੁਕਤ ਟੀਮ ਵੱਲੋਂ ਲੋਕ ਸੇਵਾ ਨੂੰ ਸਮਰਪਿਤ ਦੋ ਪ੍ਰੋਜੈਕਟ ਲਗਾਏ ਗਏ। ਕਲੱਬ ਦੇ ਪ੍ਰਧਾਨ ਅੰਮ੍ਰਿਤ ਸਿੰਘ ਥਿੰਦ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਨੇ ਵਾਤਾਵਰਨ ਬਚਾਉਣ ਦਾ ਲਿਆ ਸੰਕਲਪ ਦੁਹਰਾਉਂਦੇ ਹੋਏ ਲਾਇਨ ਭਵਨ ਪੰਜਾਬੀ ਬਾਗ ’ਚ ਬੂਟੇ ਲਗਾਏ ਅਤੇ ਹੀਰਾ ਐਨੀਮਲ ਸੁਸਾਇਟੀ ਵੱਲੋਂ ਪਿੰਡ ਕਾਂਉਕੇ ਕਲਾਂ ’ਚ ਬੇਸਹਾਰਾ ਗਊਆਂ ਅਤੇ ਬਿਮਾਰ ਪਸ਼ੂਆਂ ਦੇ ਇਲਾਜ ਲਈ ਚਲਾਏ ਜਾ ਰਹੇ ਹਸਪਤਾਲ ਨੂੰ ਪਸ਼ੂਆਂ ਲਈ ਦਵਾਈਆਂ ਭੇਟ ਕੀਤੀਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਅੰਮ੍ਰਿਤ ਸਿੰਘ ਥਿੰਦ ਅਤੇ ਸਕੱਤਰ ਚਰਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਲੋਕ ਭਲਾਈ ਅਤੇ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਉਨ੍ਹਾਂ ਦੀ ਸੰਸਥਾ ਵੱਲੋਂ ਸਮੇਂ-ਸਮੇਂ ਸਿਰ ਲੋਕ ਹਿੱਤ ਦੇ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਇਸੇ ਸੰਸਥਾ ਨੂੰ ਬਿਮਾਰ ਪਸ਼ੂਆਂ ਦੀ ਢੋਆ ਢੁਆਈ ਲਈ ਪਿਛਲੇ ਸਮੇਂ ’ਚ ਇੱਕ ਮੈਸੀ ਫਰਗੂਸ਼ਨ ਟਰੈਕਟਰ ਵੀ ਭੇਟ ਕੀਤਾ ਸੀ। ਹੁਣ ਵੀ ਹਰ ਵਰ੍ਹੇ ਇੱਕ ਜਾਂ ਦੋ ਵਾਰ ਹਸਪਤਾਲ ਪ੍ਰਬੰਧਕਾਂ ਨੂੰ ਲੋੜ ਅਨੁਸਾਰ ਦਵਾਈਆਂ ਲੈ ਕੇ ਦਿੱਤੀਆਂ ਜਾਂਦੀਆਂ ਹਨ। ਕਲੱਬ ਨੇ ਹਸਪਤਾਲ ਦੇ ਵਿੱਚ ਲਗਾਉਣ ਲਈ ਪ੍ਰਬੰਧਕਾਂ ਨੂੰ ਔਲੇ, ਜਾਮਣ, ਅਮਰੂਦ ਅਤੇ ਸੁਹੰਜਣੇ ਦੇ ਬੂਟੇ ਵੀ ਭੇਟ ਕੀਤੇ ਗਏ। ਇਸ ਮੌਕੇ ਖ਼ਜ਼ਾਨਚੀ ਸੁਭਾਸ਼ ਕਪੂਰ, ਐੱਸ.ਪੀ.ਐੱਸ ਢਿੱਲੋਂ, ਡਾ: ਵਿਨੋਦ ਵਰਮਾ, ਬੀਰਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।