ਗਿਆਨ ਨਾਲ ਜੁੜ ਕੇ ਮਨੁੱਖ ਚੰਗੇ-ਮਾੜੇ ਦੇ ਫ਼ਰਕ ਨੂੰ ਸਮਝਦਾ-ਬਾਬਾ ਤੇਜਿੰਦਰ ਸਿੰਘ ਨਾਨਕਸਰ
ਜਗਰਾਉਂ, 12 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਗਿਆਨ ਖੁਸ਼ਹਾਲੀ ਦੀ ਕੁੰਜੀ ਹੈ। ਇਸ ਨਾਲ ਜੁੜ ਕੇ ਮਨੁੱਖ ਨੂੰ ਚੰਗੇ ਮਾੜੇ ਦੀ ਸਮਝ ਆਉਂਦੀ ਹੈ।
ਜਗਰਾਉਂ, 12 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਗਿਆਨ ਖੁਸ਼ਹਾਲੀ ਦੀ ਕੁੰਜੀ ਹੈ। ਇਸ ਨਾਲ ਜੁੜ ਕੇ ਮਨੁੱਖ ਨੂੰ ਚੰਗੇ ਮਾੜੇ ਦੀ ਸਮਝ ਆਉਂਦੀ ਹੈ। ਦੁਨੀਆਂ ਅੰਦਰ ਜਿਸ ਸਮਾਜ ਜਾਂ ਕੌਮ ਨੇ ਗਿਆਨ ਦੀ ਮਹੱਤਤਾ ਨੂੰ ਜਾਣਿਆ ਉਸ ਨੂੰ ਲੋਕਾਈ ਯਾਦ ਕਰਦੀ ਅਤੇ ਉਸ ਅੱਗੇ ਝੁਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਖ਼ਜ਼ਾਨਾ ਹਨ। ਗੁਰੂ ਸਾਹਿਬਾਨ ਨੇ ਲਗਪਗ ਢਾਈ ਸਦੀਆਂ ਸੰਸਾਰ ਅੰਦਰ ਪ੍ਰਚਾਰ ਕਰਕੇ ਅੰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਅਤੇ ਇਸ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਣ ਲਈ ਸਾਨੂੰ ਆਖਿਆ। ਇਹ ਸ਼ਬਦ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਬਾਬਾ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਅੱਜ ਇਨਸਾਨ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ ਪਰ ਇਸ ਪ੍ਰਾਪਤੀ ਨਾਲ ਉਹ ਖੁਸ਼ ਘੱਟ ਤੇ ਦੁਖੀ ਜ਼ਿਆਦਾ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਮਨੁੱਖ ਜਿਹੜਾ ਗਿਆਨ ਹਾਸਿਲ ਕਰ ਰਿਹਾ ਹੈ ਉਸ ਨਾਲ ਉਹ ਨਿੱਜ ਨੂੰ ਹੀ ਪ੍ਰਫੁੱਲਿਤ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਤੁਸੀ ਸੰਸਾਰ ਅੰਦਰ ਸ਼ਾਂਤੀ, ਬਰਾਬਰਤਾ, ਖੁਸ਼ਹਾਲੀ ਤੇ ਮਨੁੱਖਤਾ ਦਾ ਝੰਡਾ ਬੁਲੰਦ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਿੱਤੇ ਗਿਆਨ ਨਾਲ ਜੁੜਨਾ, ਸਮਝਣਾ ਅਤੇ ਇਸ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ’ਤੇ ਲਾਗੂ ਕਰਨਾ ਹੋਵੇਗਾ। ਅਜਿਹੇ ਸਮਾਜ ਦੀ ਸਿਰਜਣਾ ਕਰਕੇ ਹੀ ਇਹ ਸੰਸਾਰ ਮਨੁੱਖ ਦੇ ਰਹਿਣ ਯੋਗ ਬਣ ਸਕਦਾ ਹੈ।