ਸਮੁੰਦੜਾ, 2 ਜਨਵਰੀ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਅਤੇ ਨਾਲ ਲੱਗਦੇ ਪਿੰਡਾਂ ਚੱਕ ਗੁਰੂ, ਰਾਮਗੜ੍ਹ ਝੁੰਗੀਆਂ, ਚੱਕ ਫੁੱਲੂ, ਧਮਾਈ, ਚੱਕ ਸਿੰਘਾ, ਨਾਜਰਪੁਰ, ਚੱਕ ਹਾਜੀਪੁਰ, ਚੱਕ ਗੁੱਜਰਾਂ ਆਦਿ ਵਿਖ਼ੇ ਬੀਤੇ ਕਈ ਦਿਨਾਂ ਤੋਂ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਦੇ ਘੰਟਿਆਂ ਬੱਧੀ ਲਾਏ ਜਾ ਰਹੇ ਅਣਐਲਾਨੇ ਕੱਟਾਂ ਕਾਰਨ ਆਮ ਲੋਕਾਂ ਅਤੇ ਸਮੁੰਦੜਾ ਅੱਡੇ ਦੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ 'ਚ ਰੋਜ਼ਾਨਾ ਸਵੇਰੇ ਦਿਨ ਚੜ੍ਹਦਿਆਂ ਹੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਿਨ੍ਹਾਂ ਦਾ ਸਿਲਸਿਲਾ ਸਾਰਾ ਦਿਨ ਅਤੇ ਰਾਤ ਹੋਣ ਤੱਕ ਚੱਲਦਾ ਰਹਿੰਦਾ ਹੈ | ਬਿਜਲੀ ਨਾ ਹੋਣ ਕਰਕੇ ਸਵੇਰੇ-ਸ਼ਾਮ ਘਰਾਂ 'ਚ ਔਰਤਾਂ ਨੂੰ ਖਾਣਾ ਬਣਾਉਣ ਅਤੇ ਹੋਰ ਜ਼ਰੂਰੀ ਕੰਮ ਕਰਨੇ ਬੇਹੱਦ ਔਖੇ ਹੋ ਕੇ ਰਹਿ ਗਏ ਹਨ | ਇਸ ਤੋਂ ਇਲਾਵਾ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸੰਬੰਧਿਤ ਕਾਰੋਬਾਰ ਵੀ ਬਿਜਲੀ ਨਾ ਆਉਣ ਕਰਕੇ ਪ੍ਰਭਾਵਿਤ ਹੋ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਰਦੀਆਂ ਦਾ ਮੌਸਮ ਸਿਖਰਾਂ ਹੈ ਅਤੇ ਨਾ ਹੀ ਕਿਸਾਨਾਂ ਵੱਲੋਂ ਲਗਾਤਾਰ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਪਰ ਫੇਰ ਵੀ ਗਰਮੀਆਂ ਦੇ ਮੁਕਾਬਲੇ ਬਿਜਲੀ ਦੀ ਮੰਗ ਘੱਟ ਹੋਣ ਦੇ ਬਾਵਜੂਦ ਪਾਵਰਕਾਮ ਵਲੋਂ ਬਿਜਲੀ ਦੇ ਲੰਮੇ-ਲੰਮੇ ਕੱਟ ਲਗਾਉਣੇ ਬੜੀ ਹੀ ਹੈਰਾਨੀ ਦੀ ਗੱਲ ਹੈ | ਪਿੰਡਾਂ ਦੇ ਲੋਕਾਂ ਅਤੇ ਅੱਡੇ ਦੇ ਦੁਕਾਨਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ 'ਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ | ਇਸ ਸੰਬੰਧੀ ਜਦੋਂ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਦੇ ਕੱਟਾ ਸਬੰਧੀ ਪਟਿਆਲੇ ਤੋਂ ਹੀ ਸੁਨੇਹਾ ਆਉਂਦਾ ਹੈ ਜਿਸ ਕਰਕੇ ਗਰਿੱਡ ਤੋਂ ਬਿਜਲੀ ਕੱਟ ਲਈ ਜਾਂਦੀ ਹੈ |