ਬੰਗਾ, 5 ਜਨਵਰੀ (ਸੁਰਿੰਦਰ ਸਿੰਘ ਕਰਮ) - ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਦੁਆਰਾ ਦਸ਼ਮੇਸ਼ ਦਰਬਾਰ ਲਧਾਣਾ ਉੱਚਾ ਵਿਖੇ ਭਾਰੀ ਨਗਰ ਕੀਰਤਨ ਸਜਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਇਹ ਨਗਰ ਕੀਰਤਨ ਸਾਰੇ ਨਗਰ ਦੀ ਪਰਿਕਰਮਾ ਕਰਦਾ ਹੋਇਆ ਮੁੜ ਸ਼ਾਮ ਸਮੇਂ ਉਕਤ ਗੁਰੂ ਘਰ ਵਿਖੇ ਸਮਾਪਤ ਹੋਇਆ | ਸਿੱਖ ਸੰਗਤਾਂ ਨੇ ਵੱਖ-ਵੱਖ ਪੜਾਵਾਂ 'ਤੇ ਇਸ ਨਗਰ ਕੀਰਤਨ ਦਾ ਪਰਿਪੂਰਨ ਸ਼ਰਧਾ ਅਤੇ ਸਤਿਕਾਰ ਸਹਿਤ ਸਵਾਗਤ ਕੀਤਾ | ਇਸ ਮੌਕੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਵੱਖ-ਵੱਖ ਖਾਧ ਪਦਾਰਥ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਏ ਗਏ | ਨਗਰ ਦੀ ਪਰਿਕਰਮਾ ਕਰਦਿਆਂ ਜਿਥੇ ਰਾਗੀਆਂ ਢਾਡੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਬੀਬੀਆਂ ਦੇ ਜਥੇ ਨੇ ਗੁਰਬਾਣੀ ਧਾਰਨਾਵਾਂ ਵਾਲੇ ਸ਼ਬਦ ਪੜ੍ਹ ਕੇ ਖੂਬ ਸ਼ਰਧਾ ਸਤਿਕਾਰ ਪ੍ਰਗਟਾਇਆ | ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ | ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਭੁਜੰਗੀ ਸਿੰਘਾਂ ਨੇ ਵੱਖ-ਵੱਖ ਪੜਾਵਾਂ 'ਤੇ ਗੱਤਕੇ ਦੇ ਜੌਹਰ ਦਿਖਾ ਕੇ ਸਭ ਨੂੰ ਅਲੌਕਿਕ ਜੋਸ਼ ਨਾਲ ਭਰ ਦਿੱਤਾ | ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਵਿੱਚ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਰਾਜਾ ਪੰਚ, ਜਰਨੈਲ ਸਿੰਘ, ਕਰਨੈਲ ਸਿੰਘ, ਉੱਘੇ ਐਨ. ਆਰ. ਆਈ ਕੀਰਤਨੀਏ ਭਾਈ ਰਘਵੀਰ ਸਿੰਘ ਯੂ. ਐਸ. ਏ, ਨਿਰੰਜਣ ਸਿੰਘ, ਅਵਤਾਰ ਸਿੰਘ ਸਾਬਕਾ ਪੰਚ, ਲਖਵੀਰ ਸਿੰਘ ਕਾਕਾ, ਨਵਜੀਵਨ ਸਿੰਘ ਜੀਵਨ, ਸਤਨਾਮ ਸਿੰਘ ਬੰਤਾ, ਕੀਰਤਨੀਏ ਭਾਈ ਗੁਰਵਿੰਦਰ ਸਿੰਘ ਕੋਮਲ, ਭਾਈ ਗੁਰਵਿੰਦਰ ਸਿੰਘ ਗਗਨ ਬੀਕਾ ਨੇ ਵੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਹੋਰ ਸ਼ਾਮਲ ਸੰਗਤਾਂ ਵਿੱਚ ਪਿੰਡ ਦੀ ਸਰਪੰਚ ਮੈਡਮ ਨੀਲਮ ਰਾਣੀ, ਲਾਲ ਚੰਦ ਪੰਚ, ਪਿੰਡ ਦੇ ਸਾਬਕਾ ਕਾਰਜਕਾਰੀ ਸਰਪੰਚ ਡਾ. ਅਮਰੀਕ ਸਿੰਘ ਸੋਢੀ, ਠੇਕੇਦਾਰ ਸੁਰਿੰਦਰ ਪਾਲ ਸਨ | ਨਗਰ ਕੀਰਤਨ ਦੌਰਾਨ ਸਾਬਕਾ ਪੰਚ ਗਿ.ਬਲਵੀਰ ਸਿੰਘ, ਸੇਵਾਦਾਰ ਗੁਰਦੁਆਰਾ ਸਿੰਘ ਸਭਾ ਮਸੀਤ ਵਾਲਾ ਨੇ ਬਤੌਰ ਸਟੇਜ ਸਕੱਤਰ ਬਾਖੂਬੀ ਸੇਵਾ ਨਿਭਾਈ |
ਗੁਰਦੁਆਰਾ ਦਸਮੇਸ਼ ਦਰਬਾਰ ਲਧਾਣਾ ਉੱਚਾ ਵਲੋਂ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
06-01-2026