ਕਟਾਰੀਆਂ, 5 ਜਨਵਰੀ (ਪ੍ਰੇਮੀ ਸੰਧਵਾਂ) - ਕੜਾਕੇ ਦੀ ਪੈ ਰਹੀ ਠੰਢ ਤੇ ਸੰਘਣੀ ਪੈ ਰਹੀ ਧੁੰਦ ਨੂੰ ਦੇਖਦੇ ਹੋਏ ਲੋਕਾਂ ਨੂੰ ਸਿਹਤ ਪ੍ਰਤੀ ਤੇ ਵਾਹਨ ਚਲਾਉਣ ਸਮੇਂ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ | ਇਹ ਪ੍ਰਗਟਾਵਾ ਮਹਿੰਦਰਾ ਹਸਪਤਾਲ ਮੁਕੰਦਪੁਰ ਬੰਗਾ ਦੇ ਐਮ. ਡੀ ਡਾ. ਉਂਕਾਰ ਸਿੰਘ ਤੇ ਸਮਾਜ ਸੇਵਿਕਾ ਅਤੇ ਹਸਪਤਾਲ ਦੀ ਚੇਅਰਪਰਸਨ ਮੈਡਮ ਦਲਜੀਤ ਕੌਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਠੰਢ ਤੇ ਧੁੰਦ ਕਾਰਨ ਜੁਕਾਮ, ਖੰਘ, ਗਲੇ ਦੀ ਇਨਫੈਕਸ਼ਨ, ਦਮਾ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ | ਉਨ੍ਹਾਂ ਕਿਹਾ ਕਿ ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਧੁੰਦ ਤੇ ਠੰਢ ਸਮੇਂ ਸਵੇਰ ਜਾਂ ਰਾਤ ਨੂੰ ਘਰੋਂ ਬਾਹਰ ਜਾਣ ਦਾ ਪ੍ਰਹੇਜ਼ ਕੀਤਾ ਜਾਵੇ ਅਤੇ ਲੋੜ ਪੈਣ 'ਤੇ ਮਾਸਕ ਵਰਤਿਆ ਜਾਵੇ |