ਕਟਾਰੀਆਂ, 5 ਜਨਵਰੀ (ਪ੍ਰੇਮੀ ਸੰਧਵਾਂ) - ਸੀਨੀਅਰ ਕਾਂਗਰਸੀ ਆਗੂ ਤੇ ਦਲਿਤ ਸਮਾਜ ਦੇ ਸਾਬਕਾ ਬਲਾਕ ਪ੍ਰਧਾਨ ਜਸਵੀਰ ਸ਼ੀਰਾ, ਠੇਕੇਦਾਰ ਸੁਰਜੀਤ ਸਿੰਘ ਸੰਧੂ ਤੇ ਬਲਾਕ ਸੰਮਤੀ ਮੈਂਬਰ ਮੈਡਮ ਰਮਨਪ੍ਰੀਤ ਕੌਰ ਸੰਧੂ ਨੇ ਸਵੇਰੇ ਸ਼ਾਮ ਬਿਜਲੀ ਦੇ ਲੱਗ ਰਹੇ ਕੱਟਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਿਜਲੀ ਕੱਟ ਲੱਗਣ ਦੀ ਗੱਲ ਤਾਂ ਬਹੁਤ ਦੂਰ ਪਰ ਬਿਜਲੀ ਝਮੱਕਾ ਵੀ ਨਹੀਂ ਮਾਰੇਗੀ | ਪਰ ਅਫਸੋਸ ਸਰਕਾਰ ਦੀ ਕਹਿਣੀ ਤੇ ਕਰਨੀ 'ਚ ਵੱਡਾ ਫਰਕ ਹੈ | ਕਿਉਂਕਿ ਜਦੋਂ ਸ਼ਾਮ ਵੇਲੇ ਕੰਮਾਂ ਤੋਂ ਥੱਕੇ ਹਾਰੇ ਮਜ਼ਦੂਰਾਂ ਨੇ ਨਹਾ ਧੌ ਕੇ ਰੋਟੀ ਖਾਣੀ ਹੁੰਦੀ ਹੈ ਤਾਂ ਬਿਜਲੀ ਉਡਣੇ ਸੱਪ ਵਾਂਗ ਉਡਾਰੀ ਮਾਰ ਜਾਂਦੀ ਹੈ | ਜਿਸ ਕਾਰਨ ਮਜ਼ਦੂਰ ਲੋਕ ਮੋਮਬੱਤੀ ਜਾਂ ਸਰੋਂ ਦੇ ਤੇਲ ਦਾ ਦੀਵਾ ਜਗਾ ਕੇ ਰੋਟੀ ਖਾਣ ਨੂੰ ਮਜ਼ਬੂਰ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਿਜਲੀ ਨਿਰੰਤਰ ਦੇਣ ਦੇ ਕੀਤੇ ਗਏ ਲੋਕਾਂ ਨਾਲ ਵਾਅਦੇ ਹਵਾ ਵਿੱਚ ਹੀ ਉਡ ਰਹੇ ਹਨ |