ਪੋਜੇਵਾਲ ਸਰਾਂ, 6 ਜਨਵਰੀ (ਨਵਾਂਗਰਾਈਾ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਟੋਟੇ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿਚ ਪਿਛਲੇ ਇਕ ਸਾਲ 10 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ | ਇਸ ਸੇਵਾ ਦੇ ਅਗਲੇ ਪੜਾਅ ਤਹਿਤ ਬਾਕੀ ਰਹਿੰਦੀਆਂ ਪੁਲੀਆਂ ਬਣਾਉਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ | ਇਸ ਤੋਂ ਇਲਾਵਾ ਹੁਣ ਤੱਕ ਪੰਜ ਪੁਲੀਆਂ ਤਿਆਰ ਕੀਤੀਆਂ ਗਈਆਂ ਹਨ ਤੇ ਬਾਬਾ ਸਤਨਾਮ ਸਿੰਘ ਨੇ ਹਰੋ ਦਾ ਪੋਅ ਲਾਗੇ ਵੱਡੀ ਪੁਲੀ ਦੀ ਸੇਵਾ ਦੀ ਦੂਸਰੀ ਸਾਈਡ ਦਾ ਕੰਮ ਆਰੰਭ ਕਰਵਾਇਆ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਸਿੰਘਪੁਰ ਤੋਂ ਡੇਢ ਕਿਲੋਮੀਟਰ ਸੜਕ ਦੇ ਟੋਟੇ ਚਾਰ ਮਾਰਗੀ ਬਣਾਉਣ ਤੇ ਪ੍ਰੀਮਿਕਸ ਪਾਉਣ ਦਾ ਕੰਮ ਤੇ ਦੂਸਰੇ ਸਾਈਡ ਤੋਂ ਭਜਨ ਢਾਬੇ ਕਾਹਨਪੁਰ ਖੂਹੀ ਤੋਂ ਡੰਪ ਤੱਕ ਦੇ ਟੋਟੇ 'ਤੇ ਪ੍ਰੀਮਿਕਸ ਪਾਉਣ ਦਾ ਮੁਕੰਮਲ ਕਰ ਲਿਆ ਹੈ ਤੇ ਤੀਸਰੇ ਪੜਾਅ ਦੌਰਾਨ ਜੇ.ਪੀ ਪੈਟਰੋਲ ਪੰਪ ਤੱਕ ਸੜਕ ਮੁਕੰਮਲ ਕਰ ਲਈ ਹੈ ਤੇ ਹੋਲੇ ਮਹੱਲੇ ਤੱਕ ਇਸ ਮਾਰਗ ਦਾ 90 ਫੀਸਦੀ ਕੰਮ ਮੁਕੰਮਲ ਕਰ ਲਿਆ ਜਾਵੇਗਾ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸੜਕ ਦੀ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਸੰਗਤ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਸੰਗਤ ਵਲੋਂ ਇਸ ਮਾਰਗ ਦੀ ਸੇਵਾ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਬਾਬਾ ਸਤਨਾਮ ਸਿੰਘ ਮੁਣਸੀ, ਦਲਜੀਤ ਸਿੰਘ ਬੈਂਸ ਆਦਿ ਵੀ ਹਾਜ਼ਰ ਸਨ |