ਕਟਾਰੀਆਂ, 6 ਜਨਵਰੀ (ਪ੍ਰੇਮੀ ਸੰਧਵਾਂ)-ਬਹਿਰਾਮ-ਮਾਹਿਲਪੁਰ ਮੁੱਖ ਮਾਰਗ ਤੇ ਪਿੰਡਾਂ ਦੀਆਂ ਸੰਪਰਕ ਸੜਕਾਂ 'ਤੇ ਗੰਦਗੀ ਦੇ ਲੱਗੇ ਵੱਡੇ-ਵੱਡੇ ਢੇਰ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਜਿਸ ਕਾਰਨ ਰਾਹਗੀਰਾਂ ਅੰਦਰ ਪ੍ਰਸ਼ਾਸਨ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ | ਰਾਹਗੀਰਾਂ ਨੇ ਕਿਹਾ ਕਿ ਇਕ ਤਾਂ ਕੜਾਕੇ ਦੀ ਪੈ ਰਹੀ ਠੰਢ ਕਾਰਨ ਨਜ਼ਲਾ ਜੁਕਾਮ, ਖੰਘ, ਬੁਖਾਰ ਅਤੇ ਹੋਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ, ਦੂਜੇ ਪਾਸੇ ਲੋਕਾਂ ਵਲੋਂ ਸੜਕਾਂ ਕੰਢੇ ਸੁੱਟੀ ਜਾਂਦੀ ਗੰਦਗੀ ਵੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ | ਰਾਹਗੀਰਾਂ ਨੇ ਪ੍ਰਸ਼ਾਸਨ ਪ੍ਰਤੀ ਆਪਣਾ ਰੋਸ ਜਾਹਰ ਕਰਦਿਆਂ ਕਿਹਾ ਕਿ ਗੰਦਗੀ 'ਤੇ ਘੁੰਮਦੇ ਲਾਵਾਰਸ ਕੁੱਤੇ ਤੇ ਬੇਸਹਾਰਾ ਪਸ਼ੂਆਂ ਕਾਰਨ ਹਰ ਵੇਲੇ ਸੜਕੀ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ | ਕਿਉਂਕਿ ਪਹਿਲਾਂ ਲਾਵਾਰਸ ਕੁੱਤਿਆਂ ਤੇ ਬੇਸਹਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ 'ਚ ਅਨੇਕਾਂ ਰਾਹਗੀਰ ਗੰਭੀਰ ਫੱਟੜ ਹੋ ਚੁੱਕੇ ਹਨ ਕਿਉਂਕਿ ਦੋਪਹੀਆ ਵਾਹਨ ਚਾਲਕ ਠੰਢ ਦੇ ਮੌਸਮ 'ਚ ਸੜਕਾਂ ਕੰਢੇ ਲੱਗੇ ਗੰਦਗੀ ਦੇ ਢੇਰਾਂ ਕੋਲੋਂ ਗੁਜਰਦੇ ਹਨ ਤਾਂ ਲਾਵਾਰਸ ਕੁੱਤੇ ਤੇ ਬੇਸਹਾਰਾ ਪਸ਼ੂਆਂ ਦੇ ਵਾਹਨਾਂ ਅੱਗੇ ਯਕਦਮ ਆਉਣ ਨਾਲ ਜਦੋਂ ਵਾਹਨ ਚਾਲਕ ਖਿੱਚਵੀਂ ਬਰੇਕ ਮਾਰਦੇ ਹਨ ਤਾਂ ਵਾਹਨਾਂ ਤੋਂ ਡਿੱਗ ਕੇ ਰਾਹਗੀਰ ਆਏ ਦਿਨ ਗੰਭੀਰ ਫੱਟੜ ਹੋ ਜਾਂਦੇ ਹਨ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਸੜਕਾਂ ਕੰਢੇ ਗੰਦਗੀ ਸੁੱਟਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਜੋ ਲਾਵਾਰਸ ਕੁੱਤਿਆਂ ਅਤੇ ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਸੜਕੀ ਹਾਦਸਿਆਂ 'ਚ ਰਾਹਗੀਰਾਂ ਦੇ ਸੱਟਾਂ ਲੱਗਣ ਤੋਂ ਬਚਾਅ ਹੋ ਸਕੇ |