ਬਲਾਚੌਰ, 27 ਜਨਵਰੀ (ਨਰੇਸ਼ ਧੌਲ)-ਨਗਰ ਕੌਂਸਲ ਬਲਾਚੌਰ ਵਲੋਂ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ 'ਤੇ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੱਤਾ ਗਿਆ | ਕੌਂਸਲ ਦੇ ਪ੍ਰਧਾਨ ਸੁਨੀਲ ਕੋਸ਼ਲ ਅਤੇ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਦੀ ਦੇਖ-ਰੇਖ ਹੇਠ ਸਵੱਛ ਭਾਰਤ ਟੀਮ ਵਲੋਂ 'ਹਰਿਤ ਜੈਵਿਕ ਖਾਦ' ਦਾ ਵਿਸ਼ੇਸ਼ ਸਟਾਲ ਲਗਾਇਆ ਗਿਆ | ਇਸ ਮੌਕੇ ਸਵੱਛ ਭਾਰਤ ਟੀਮ ਵਲੋਂ ਲੋਕਾਂ ਨੂੰ ਜੈਵਿਕ ਖਾਦ ਦੀਆਂ ਥੈਲੀਆਂ ਮੁਫ਼ਤ ਵੰਡੀਆਂ ਗਈਆਂ | ਟੀਮ ਨੇ ਨਾਗਰਿਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਘਰਾਂ ਵਿਚੋਂ ਨਿਕਲਣ ਵਾਲੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਅਤੇ ਸੰਭਵ ਹੋਵੇ ਤਾਂ ਘਰ ਵਿੱਚ ਖਾਦ ਬਣਾਉਣ ਦੀ ਵਿਧੀ ਅਪਣਾਉਣ | ਸਿੰਗਲ ਯੂਜ਼ ਪਲਾਸਟਿਕ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਸਟਾਲ ਉੱਤੇ ਗੰਨੇ ਦੇ ਰੇਸ਼ੇ ਤੋਂ ਤਿਆਰ ਕੀਤੀਆਂ ਪਲੇਟਾਂ, ਪੇਪਰ ਗਲਾਸ ਅਤੇ ਚਮਚੇ ਪ੍ਰਦਰਸ਼ਿਤ ਕੀਤੇ ਗਏ | ਸੈਨੇਟਰੀ ਇੰਸਪੈਕਟਰ ਭਰਤ ਭੂਸ਼ਣ ਨੇ ਦੱਸਿਆ ਕਿ ਆਉਣ ਵਾਲੇ ਸਵੱਛਤਾ ਸਰਵੇਖਣ 2025-26 ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਵਿੱਚ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਲਾਚੌਰ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਦੇਣ ਅਤੇ ਸਵੱਛ ਭਾਰਤ ਮਿਸ਼ਨ ਦਾ ਹਿੱਸਾ ਬਣਨ |