ਬਲਾਚੌਰ, 27 ਜਨਵਰੀ (ਨਰੇਸ਼ ਧੌਲ)-ਨਗਰ ਕੌਂਸਲ ਬਲਾਚੌਰ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਕੌਰ ਸਿਆਣ ਵਲੋਂ ਆਪਣੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ, ਜਿਸ 'ਚ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਸਪੁੱਤਰ ਵਿਧਾਇਕ ਸੰਤੋਸ਼ ਕਟਾਰੀਆ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨੇ ਕਰਨਵੀਰ ਕਟਾਰੀਆ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ | ਪ੍ਰੋਗਰਾਮ ਦੌਰਾਨ ਉਪ ਪ੍ਰਧਾਨ ਨੇ ਕਰਨਵੀਰ ਕਟਾਰੀਆ ਨੂੰ ਫੁੱਲਾਂ ਦੇ ਹਾਰ ਪਾ ਕੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕੀਤਾ | ਉਪ ਪ੍ਰਧਾਨ ਨੇ ਕਿਹਾ ਕਿ ਕਰਨਵੀਰ ਕਟਾਰੀਆ ਵਰਗੇ ਮਿਹਨਤੀ ਆਗੂ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਹੋਵੇਗਾ | ਇਸ ਮੌਕੇ ਕਰਨਵੀਰ ਕਟਾਰੀਆ ਨੇ ਉਪ ਪ੍ਰਧਾਨ ਦਾ ਧੰਨਵਾਦ ਕਰਦਿਆਂ ਹੋਇਆਂ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਰ ਵਰਗ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ | ਇਸ ਮੌਕੇ ਜਸਵਿੰਦਰ ਸਿੰਘ ਸਿਆਣ, ਸੋਨੂੰ ਸਿਆਣ, ਤਰੁਣ ਸਿਆਣ, ਰਮਨ, ਗੁਰਪ੍ਰੀਤ ਸਿੰਘ, ਹੇਮ ਰਾਜ, ਗਗਨਜੋਤ ਸੈਣੀ, ਡਾ: ਪ੍ਰੇਮ ਕੁਮਾਰ, ਰਵਿੰਦਰ, ਡਾ: ਤਜਿੰਦਰ ਸਿੰਘ ਜੋਤ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |