ਬੰਗਾ, 31 ਜਨਵਰੀ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸੰਗੂਆਣਾ ਸਾਹਿਬ ਪਿੰਡ ਜੱਸੋਮਜਾਰਾ ਵਿਖੇ ਹੋਏ ਦਸਤਾਰ ਮੁਕਾਬਲਿਆਂ 'ਚ ਅੱਵਲ ਪੁਜ਼ੀਸ਼ਨਾਂ ਹਾਸਿਲ ਕਰਕੇ 6 ਇਨਾਮ ਜਿੱਤਣ ਦਾ ਸਮਾਚਾਰ ਹੈ | ਇਨ੍ਹਾਂ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕੀਤਾ | ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵਲੋਂ ਆਪਣੀ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਗੁ: ਸੰਗੂਆਣਾ ਸਾਹਿਬ ਪਿੰਡ ਜੱਸੋਮਜਾਰਾ ਵਿਖੇ ਹੋਏ ਦਸਤਾਰ ਮੁਕਾਬਲੇ ਵਿਚ ਅੱਵਲ ਪੁਜ਼ੀਸ਼ਨਾਂ ਹਾਸਿਲ ਕਰ ਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ | ਸ. ਢਾਹਾਂ ਨੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ | ਸਕੂਲ ਪਿ੍ੰਸੀਪਲ ਵਨੀਤਾ ਚੋਟ ਨੇ ਦੱਸਿਆ ਕਿ ਇਸ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ 6ਵੀਂ ਜਮਾਤ ਤੋਂ 8ਵੀਂ ਜਮਾਤ ਦੇ ਪਹਿਲੇ ਗਰੁੱਪ ਵਿਚੋਂ ਪਹਿਲਾ ਸਥਾਨ ਅਮਨਪ੍ਰੀਤ ਸਿੰਘ ਬਾਂਸਲ ਨੇ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਅਭਜੋਤ ਸਿੰਘ ਨੇ ਹਾਸਲ ਕੀਤਾ | ਜਦੋਂ ਕਿ 9ਵੀ ਜਮਾਤ ਤੋਂ 10+2 ਤੱਕ ਦੇ ਦੂਸਰੇ ਗਰੁੱਪ ਵਿਚ ਨਵਦੀਪ ਸਿੰਘ ਨੇ ਦੂਜਾ ਸਥਾਨ ਅਤੇ ਅਮਰਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਦੁਮਾਲਾ ਸਜਾਉਣ ਦੇ ਹੋਏ ਮੁਕਾਬਲੇ ਵਿਚ ਪਹਿਲੇ ਗਰੁੱਪ ਵਿਚੋਂ ਸਕੂਲ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ ਦੂਜਾ ਸਥਾਨ ਅਤੇ ਦੂਸਰੇ ਗਰੁੱਪ ਵਿਚ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਹਨਾਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ, ਦਸਤਾਰਾਂ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਦਾ ਸਨਮਾਨ ਕਰਨ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਭਾਈ ਜੋਗਾ ਸਿੰਘ ਧਾਰਮਿਕ ਅਤੇ ਸੰਗੀਤ ਅਧਿਆਪਕ, ਮੈਡਮ ਬਲਜੀਤ ਕੌਰ ਭੋਗਲ ਅਤੇ ਮਨਜਿੰਦਰ ਸਿੰਘ ਸੰਗੀਤ ਅਧਿਆਪਕ ਵੀ ਹਾਜ਼ਰ ਸਨ |