ਟੱਪਰੀਆਂ ਖੁਰਦ, 3 ਫਰਵਰੀ (ਬਲਵਿੰਦਰ ਨਾਨੋਵਾਲੀਆ) ਨਜ਼ਦੀਕ ਪੈਂਦੇ ਤਪ ਅਸਥਾਨ ਬਾਬਾ ਬਰੂੜੀ ਵਾਲਾ ਪਿੰਡ ਚੰਦਿਆਣੀ ਖੁਰਦ ਵਿਖੇ ਚੋਰਾਂ ਵਲੋਂ ਗੁਰੂ ਘਰ ਵਿਖੇ ਲਗਾਈਆਂ ਵੱਖ-ਵੱਖ ਗੋਲਕਾਂ ਵਿਚੋਂ ਕਰੀਬ 50 ਹਜ਼ਾਰ ਨਕਦ ਅਤੇ ਕੀਮਤੀ ਸਮਾਨ ਚੌਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤਪ ਅਸਥਾਨ ਬਾਬਾ ਬਰੂੜੀ ਵਾਲਾ ਦੇ ਮੁੱਖ ਸੇਵਾਦਾਰ ਨੰਬਰਦਾਰ ਅਨੰਤ ਰਾਮ ਨੇ ਦੱਸਿਆ ਕਿ ਮੈਂ ਰੋਜ਼ਾਨਾਂ ਦੀ ਤਰਾਂ ਸਵੇਰੇ ਤੜਕੇ ਜਦੋਂ ਇਸ ਅਸਥਾਨ 'ਤੇ ਸਾਫ ਸਫਾਈ ਅਤੇ ਹਵਨ ਪੂਜਾ ਕਰਨ ਲਈ ਪਹੁੰਚਿਆ ਤਾਂ ਗੁਰੂੁ ਘਰ ਵਿਖੇ ਲੱਗੇ ਤਾਲੇ ਟੁੱਟੇ ਹੋਏ ਸਨ, ਜਿਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ | ਪਿੰਡ ਵਾਸੀਆਂ ਦੀ ਹਾਜ਼ਰੀ 'ਚ ਜਦੋਂ ਅਸੀ ਬਾਕੀ ਤਾਲੇ ਵੀ ਚੈੱਕ ਕੀਤੇ ਤਾਂ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਮੁੱਖ ਦਰਬਾਰ ਨੂੰ ਲੱਗੀ ਲੋਹੇ ਵਾਲੀ ਗਰਿਲ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਇਸ ਅਸਥਾਨ 'ਤੇ ਲਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਚੋਰਾਂ ਦੀ ਗਿਣਤੀ ਦੋ ਦਿਖਾਈ ਦੇ ਰਹੀ ਹੈ | ਇਨ੍ਹਾਂ ਵਿਚੋ ਇਕ ਚੋਰ ਦੇ ਹਥ 'ਚ ਤੇਜ਼ਧਾਰ ਦਾਤਰ ਅਤੇ ਦੂਸਰਾ ਚੋਰ ਆਪਣੇ ਮੋਬਾਇਲ 'ਤੇ ਕਿਸੇ ਨਾਲ ਗੱਲਬਾਤ ਕਰਦਾ ਰਿਹਾ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਬਾਕੀ ਗੋਲਕਾਂ ਦੇ ਤਾਲੇ ਤੋੜਨ ਉਪਰੰਤ ਮੁੱਖ ਗੋਲਕ ਕੋਲ ਗਰਿਲ ਕੱਟ ਕੇ ਦਾਖਲ ਹੋਏ | ਦੋਨਾਂ ਚੋਰਾਂ ਨੇ ਮੁੱਖ ਗੋਲਕ ਜਿਸ ਨੂੰ ਖੋਲੇ੍ਹ ਨੂੰ ਕਾਫੀ ਸਮਾਂ ਹੋ ਗਿਆ ਸੀ, ਇਕ ਅਨੁਮਾਨ ਅਨੁਸਾਰ ਉਸ ਵਿਚ ਪਏ ਕਰੀਬ 50 ਹਜਾਰ ਦੀ ਨਕਦੀ ਚੋਰੀ ਕੀਤੀ ਅਤੇ ਚੋਰ ਜਾਂਦੇ ਹੋਏ ਗੁਰੂ ਘਰ ਵਿਖੇ ਪਿਆ ਕੀਮਤੀ ਸਮਾਨ ਵੀ ਚੋਰੀ ਕਰਕੇ ਨਾਲ ਹੀ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧ ਅਸੀ ਸਾਰੀ ਜਾਣਕਾਰੀ ਸਬੰਧਤ ਪੁਲਿਸ ਨੂੰ ਦੇ ਦਿੱਤੀ ਅਤੇ ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਉਨ੍ਹਾਂ ਦੱਸਿਆ ਕਿ ਇਸ ਦਰਬਾਰ 'ਤੇ ਦੋ ਵੱਖ-ਵੱਖ ਡੀ.ਡੀ.ਆਰ ਲੱਗੇ ਹੋਏ ਸਨ, ਪਰ ਚੋਰਾਂ ਨੇ ਦੇਖਿਆ ਕਿ ਇਥੇ ਇੱਕ ਹੀ ਕੈਮਰੇ ਨੂੰ ਰਿਕਾਰਡਿੰਗ ਕਰਨ ਵਾਲਾ ਡੀ.ਡੀ.ਆਰ.ਲੱਗਾ ਹੋਇਆ ਹੈ, ਜੋ ਚੋਰਾਂ ਵਲੋਂ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ, ਜਦੋਂ ਕਿ ਦੂਸਰੇ ਡੀ.ਡੀ.ਆਰ.ਵੱਲ੍ਹ ਉਨ੍ਹਾਂ ਦਾ ਕੋਈ ਧਿਆਨ ਨਾ ਗਿਆ | ਵਾਪਰੀ ਘਟਨਾ ਉਪਰੰਤ ਇਲਾਕੇ ਦੇ ਲੋਕਾਂ ਖਾਸ ਕਰਕੇ ਸ਼ਰਧਾਲੂਆਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ | ਇਲਾਕੇ ਦੀਆਂ ਸੰਗਤਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਗੁਰੁੂ ਘਰ ਵਿਖੇ ਲੱਗੇ ਡੀ.ਡੀ.ਆਰ ਦੀ ਮਦਦ ਨਾਲ ਚੋਰਾਂ ਦਾ ਪਤਾ ਲਗਾ ਕੇ ਚੋਰੀ ਹੋਇਆ ਸਾਮਾਨ ਜਲਦ ਤੋਂ ਜਲਦ ਬਰਾਮਦ ਕਰ ਕੇ ਪ੍ਰਬੰਧਕਾਂ ਨੂੰ ਸੌਂਪਿਆ ਜਾਵੇ ਅਤੇ ਚੋਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਵਿੱਚ ਪੁਲਿਸ ਦਾ ਵਿਸ਼ਵਾਸ਼ ਬਣਿਆ ਰਹੇ |