ਮੁਕੰਦਪੁਰ, 3 ਫਰਵਰੀ (ਅਮਰੀਕ ਸਿੰਘ ਢੀਂਡਸਾ) - ਅਪਰਾ ਸੜਕ 'ਤੇ ਪਿੰਡ ਹਕੀਮਪੁਰ ਲਾਗੇ ਅਣਪਛਾਤੀ ਗੱਡੀ ਨਾਲ ਟਕਰਾਉਣ ਕਾਰਨ ਪਿੰਡ ਦੇ ਹੀ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮੁਕੰਦਪੁਰ ਦੇ ਏ. ਐਸ. ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕੁਮਾਰ ਵਾਸੀ ਹਕੀਮਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਮੁਕੰਦਪੁਰ ਵਿਖੇ ਫੋਟੋਗ੍ਰਾਫਰ ਦੀ ਦੁਕਾਨ ਕਰਦਾ ਸੀ ਬੀਤੀ ਰਾਤ ਤਕਰੀਬਨ 8 ਵਜੇ ਦੇ ਕਰੀਬ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਕੋਆਪਰੇਟਿਵ ਬੈਂਕ ਦੇ ਨਜ਼ਦੀਕ ਉਸ ਦੇ ਮੋਟਰਸਾਈਕਲ ਨਾਲ ਕਿਸੇ ਅਣਪਛਾਤੀ ਗੱਡੀ ਦੀ ਟੱਕਰ ਹੋ ਗਈ, ਜਿਸ ਕਾਰਨ ਕੁਲਵਿੰਦਰ ਕੁਮਾਰ ਗੰਭੀਰ ਜ਼ਖਮੀ ਹੋ ਗਿਆ | ਕੁਲਵਿੰਦਰ ਕੁਮਾਰ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨਿਆ | ਫੋਟੋਗਰਾਫਰ ਕੁਲਵਿੰਦਰ ਕੁਮਾਰ ਦੀ ਮੌਤ ਨਾਲ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਕੁਲਵਿੰਦਰ ਕੁਮਾਰ ਆਪਣੇ ਭਰਾ ਜਿਸ ਦੀ ਵੀ ਮੌਤ ਹੋ ਚੁੱਕੀ ਹੈ ਉਸ ਦੇ ਪਰਿਵਾਰ ਦੀ ਵੀ ਦੇਖ ਰੇਖ ਕਰਦਾ ਸੀ | ਕੁਲਵਿੰਦਰ ਕੁਮਾਰ ਆਪਣੇ ਪਿੱਛੇ ਪਤਨੀ, ਦੋ ਬੇਟੇ, ਇੱਕ ਬੇਟੀ ਨੂੰ ਛੱਡ ਗਿਆ ਹੈ | ਪੁਲਿਸ ਥਾਣਾ ਮੁਕੰਦਪੁਰ ਨੇ ਮਾਮਲਾ ਦਰਜ ਕਰਕੇ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ |