ਨਵਾਂਸ਼ਹਿਰ, 5 ਫਰਵਰੀ (ਜਸਬੀਰ ਸਿੰਘ ਨੂਰਪੁਰ)-ਕੇ.ਸੀ ਕਾਲਜ ਆਫ਼ ਫਾਰਮੇਸੀ ਨੇ ਕੈਂਪਸ ਡਾਇਰੈਕਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ ਦੀ ਦੇਖ ਰੇਖ 'ਚ ਡਿਜਾਇਨਿੰਗ ਲਿਪਿਡ ਨੈਨੋਕੈਰੀਅਰ ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ | ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਰਾਜਨ ਸਵਾਮੀ (ਚਿਤਕਾਰਾ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ) ਰਹੇ | ਉਨ੍ਹਾਂ ਨੇ ਡਿਜਾਇਨਿੰਗ ਲਿਪਿਡ ਨੈਨੋਕੈਰੀਅਰ ਦੀ ਭੂਮਿਕਾ ਅਤੇ ਮੈਡੀਕਲ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ | ਡਾ. ਅਵਤਾਰ ਚੰਦ ਨੇ ਡਿਜਾਇਨਿੰਗ ਲਿਪਿਡ ਨੈਨੋਕੈਰੀਅਰ ਦੀ ਵਧਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਸ਼ੁਰੂਆਤ ਕੀਤੀ, ਉਹਨਾਂ ਕਿਹਾ ਕਿ ਭਵਿੱਖ ਵਿੱਚ ਉਨ੍ਹਾਂ ਦੀ ਵਰਤੋਂ, ਦਵਾਈ ਵਿੱਚ ਕ੍ਰਾਂਤੀ ਲਿਆਉਣ ਦੀ ਸੰਭਾਵਨਾ ਰੱਖਦੀ ਹੈ | ਡਾ. ਅਵਤਾਰ ਨੇ ਸਮਝਾਇਆ ਕਿ ਲਿਪਿਡ ਨੈਨੋਕੈਰੀਅਰ ਭਵਿੱਖ ਵਿੱਚ ਮੈਡੀਕਲ ਖੇਤਰ ਵਿੱਚ ਹੋਰ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ, ਖਾਸ ਕਰਕੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੇ ਇਲਾਜ ਵਿੱਚ | ਡਾ. ਰਾਜਨ ਸਵਾਮੀ ਨੇ ਦੱਸਿਆ ਕਿ ਲਿਪਿਡ ਨੈਨੋਕੈਰੀਅਰ ਖਾਸ ਤੌਰ 'ਤੇ ਦਵਾਈਆਂ ਦੀ ਘੁਲਣਸ਼ੀਲਤਾ, ਸਥਿਰਤਾ ਅਤੇ ਨਿਸ਼ਾਨਾ ਡਿਲੀਵਰੀ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੇ ਗਏ ਹਨ | ਲਿਪਿਡ ਨੈਨੋਕੈਰੀਅਰ, ਜਿਵੇਂ ਕਿ ਲਿਪੋਸੋਮ ਅਤੇ ਠੋਸ ਲਿਪਿਡ ਨੈਨੋਪਾਰਟੀਕਲ, ਖਾਸ ਤੌਰ 'ਤੇ ਬਾਇਓਕੰਪਟੀਬਲ ਹਨ ਅਤੇ ਕੈਂਸਰ, ਇਨਫੈਕਸ਼ਨਾਂ ਅਤੇ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਬਿਮਾਰ ਸੈੱਲਾਂ ਨੂੰ ਦਵਾਈਆਂ ਸੁਰੱਖਿਅਤ ਢੰਗ ਨਾਲ ਪਹੁੰਚਾਉਣ ਦੇ ਸਮਰੱਥ ਹਨ | ਡਾ. ਸਵਾਮੀ ਨੇ ਨੈਨੋਕੈਰੀਅਰ ਸੋਧ ਦੀ ਮਹੱਤਤਾ ਨੂੰ ਉਜਾਗਰ ਕਰਦੇ ਕਿਹਾ ਕਿ ਨੈਨੋਕੈਰੀਅਰਾਂ ਦੀ ਸਤਹ ਨੂੰ ਪੋਲੀਥੀਲੀਨ ਗਲਾਈਕੋਲ (ਪੀਈਜੀ) ਦੀ ਵਰਤੋਂ ਕਰਕੇ ਸੋਧਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਸਰੀਰ ਦੀ ਇਮਿਊਨ ਸਿਸਟਮ ਦੁਆਰਾ ਪਛਾਣਿਆ ਨਾ ਜਾ ਸਕੇ ਅਤੇ ਸਰੀਰ ਵਿੱਚ ਉਨਾਂ ਦੇ ਬਚਾਅ ਦੇ ਸਮੇਂ ਨੂੰ ਵਧਾਇਆ ਜਾ ਸਕੇ | ਇਸ ਤੋਂ ਇਲਾਵਾ, ਇਨ੍ਹਾਂ ਨੈਨੋਕੈਰੀਅਰਾਂ ਨੂੰ ਮੌਖਿਕ ਤੌਰ 'ਤੇ, ਟੀਕੇ ਰਾਹੀਂ, ਨੱਕ ਅਤੇ ਚਮੜੀ ਰਾਹੀਂ ਪਹੁੰਚਾਇਆ ਜਾ ਸਕਦਾ ਹੈ | ਲਿਪਿਡ ਨੈਨੋਕੈਰੀਅਰਾਂ ਦੇ ਬਹੁਤ ਸਾਰੇ ਫਾਇਦੇ ਹਨ | ਮੌਕੇ 'ਤੇ ਸਹਾਇਕ ਪ੍ਰੋਫੈਸਰ ਅਮਨਜੋਤ ਕੌਰ, ਸਹਾਇਕ ਪ੍ਰੋਫੈਸਰ, ਅਤੇ ਪ੍ਰੋਫੈਸਰ ਡਾ. ਅਭਿਨਵ ਸਿੰਘ, ਕਮਲਜੀਤ ਕੌਰ, ਰੂਬਲ ਸਿੰਘ, ਨਿਧਿਕਾ, ਸ਼ਿਖਾ, ਖੁਸ਼ਦੀਪ ਕੌਰ, ਨਵਜੋਤ ਕੌਰ, ਸ਼ਾਹਿਦ ਨਜ਼ੀਰ, ਤੋਸੀਫ, ਸ਼ਰੇਸ਼ਤਾ ਅਤੇ ਹੋਰ ਵਿਦਿਆਰਥੀ ਅਤੇ ਸਟਾਫ ਮੈਂਬਰ ਮੌਜੂਦ ਰਹੇ |