ਕਾਠਗੜ੍ਹ, 22 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਟੋਲ ਪਲਾਜ਼ਾ ਬੱਛੂਆਂ 'ਤੇ ਦਿਨ ਅਤੇ ਰਾਤ ਦੇ ਸਮੇਂ ਬਿਨਾ ਕਿਸੇ ਸੰਕੇਤ ਲਾਈਟ ਜਾਂ ਰਿਫਲੈਕਟਰ ਦੇ ਭਾਰੀ ਵਾਹਨਾਂ ਦੇ ਖੜ੍ਹੇ ਰਹਿਣ ਕਾਰਨ ਆਵਾਜਾਈ ਵਿੱਚ ਭਾਰੀ ਰੁਕਾਵਟ ਪੈ ਰਹੀ ਹੈ | ਇਨ੍ਹਾਂ ਰੋਡ ਦੇ ਕਿਨਾਰੇ ਖੜ੍ਹੇ ਵਾਹਨਾਂ ਨਾਲ ਆਏ ਦਿਨ ਹਾਦਸੇ ਹੋ ਰਹੇ ਹਨ | ਜਿਸਦੇ ਚੱਲਦੇ ਸੈਕੜਿਆਂ ਦੀ ਤਦਾਦ ਵਿੱਚ ਲੋਕ ਇਨ੍ਹਾਂ ਵਾਹਨਾਂ ਦੀ ਵਜਾ ਕਾਰਨ ਜ਼ਖ਼ਮੀ ਹੋ ਚੁੱਕੇ ਹਨ | ਰੋਜ਼ਾਨਾਂ ਦੋ ਚਾਰ ਛੋਟੇ ਮੋਟੇ ਹਾਦਸੇ ਹੁੰਦੇ ਹਨ | ਜਿਸਦੇ ਚੱਲਦੇ ਸਥਾਨਕ ਲੋਕਾਂ ਵਿੱਚ ਭਾਰੀ ਡਰ ਦਾ ਮਾਹੌਲ ਬਣਿਆ ਹੋਇਆ ਹੈ | ਰਾਤ ਦੇ ਸਮੇਂ ਵਿਜ਼ੀਬਿਲਟੀ ਘੱਟ ਹੋਣ ਕਾਰਨ ਜਦੋਂ ਟਰੱਕ, ਟਰਾਲੇ ਅਤੇ ਹੋਰ ਭਾਰੀ ਵਾਹਨ ਬਿਨਾ ਇੰਡੀਕੇਟਰ ਜਾਂ ਪਾਰਕਿੰਗ ਲਾਈਟਾਂ ਦੇ ਸੜਕ ਦੇ ਕਿਨਾਰੇ ਜਾਂ ਕਈ ਵਾਰ ਵਿੱਚਕਾਰ ਖੜ੍ਹੇ ਰਹਿੰਦੇ ਹਨ, ਤਾਂ ਪਿੱਛੋਂ ਆ ਰਹੇ ਵਾਹਨਾਂ ਨੂੰ ਅਚਾਨਕ ਬ੍ਰੇਕ ਲਗਾਉਣੀ ਪੈਂਦੀ ਹੈ | ਜਿਸ ਦੇ ਚੱਲਦੇ ਕਈ ਵਾਰ ਗੱਡੀਆਂ ਆਪਸ ਵਿੱਚ ਟਕਰਾ ਜਾਂਦੀਆਂ ਹਨ | ਜਿਸ ਵਿੱਚ ਵਾਹਨਾਂ ਤੇ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਹੈ | ਇਹਨਾਂ ਹਾਦਸਿਆਂ ਦਾ ਜ਼ਿਆਦਾਤਰ ਸ਼ਿਕਾਰ ਛੋਟੀਆਂ ਗੱਡੀਆਂ ਤੇ ਦੋ ਪਹੀਆ ਵਾਹਨ ਚਾਲਕ ਹੋ ਰਹੇ ਹਨ | ਕਈ ਵਾਰ ਤੇ ਇਨ੍ਹਾਂ ਭਾਰੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਦੀਆਂ ਹਨ ਜੋ ਕਿ ਟ੍ਰੈਫਿਕ ਵਿੱਚ ਰੁਕਾਵਟ ਪਾਉਦੀਆਂ ਹਨ | ਗੱਡੀਆਂ ਨਾ ਰੁਕਣ ਲਈ ਕੋਈ ਚੇਤਾਵਨੀ ਬੋਰਡ ਤੱਕ ਨਹੀ ਲਗਾਇਆ ਗਿਆ ਜੋ ਨੈਸ਼ਨਲ ਹਾਈਵੇ ਅਥਾਰਟੀ ਦੀ ਡਿਊਟੀ ਬਣਦੀ ਹੈ ਪਰ ਉਹਨਾਂ ਨੇ ਚੇਤਾਵਨੀ ਬੋਰਡ ਤਾਂ ਕੀ ਲਗਾਉਣਾ ਸਗੋਂ ਜੇ ਉਹਨਾਂ ਨਾਲ ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਉਹ ਫੋਨ ਹੀ ਨਹੀਂ ਚੁੱਕਦੇ | ਲੋਕਾਂ ਨੇ ਮੰਗ ਕੀਤੀ ਹੈ ਕਿ ਟੋਲ ਪ੍ਰਬੰਧਕਾਂ ਨੂੰ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ | ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਿਨਾ ਸੰਕੇਤ ਲਾਈਟਾਂ ਦੇ ਖੜ੍ਹੇ ਵਾਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਜੇਕਰ ਸਮੇਂ ਸਿਰ ਉਚਿਤ ਕਦਮ ਨਾ ਚੁੱਕੇ ਗਏ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਨਤਾ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਅਤੇ ਇਸ ਗੰਭੀਰ ਸਮੱਸਿਆ ਦਾ ਜਲਦੀ ਹੱਲ ਕੱਢਿਆ ਜਾਵੇ | ਜਦਕਿ ਐਸ. ਐਸ. ਐਫ ਦੀ ਟੀਮ ਵੱਲੋਂ ਇਹਨਾਂ ਨੈਸ਼ਨਲ ਹਾਈਵੇ 'ਤੇ ਖੜ੍ਹੇ ਵਾਹਨਾਂ ਨੂੰ ਸਾਇਡ 'ਤੇ ਕਰਨ ਲਈ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾਦੀਆਂ ਹਨ ਪਰ ਵਾਹਨ ਚਾਲਕ ਕਿਸੇ ਦੀ ਵੀ ਨਹੀਂ ਸੁਣਦੇ ਫਿਰ ਇਸ ਜਗ੍ਹਾ 'ਤੇ ਆਪਣੇ ਵਾਹਨ ਖੜ੍ਹੇ ਕਰਨ ਤੋਂ ਗੁਰੇਜ਼ ਨਹੀਂ ਕਰਦੇ | ਐਸ. ਐਚ. ਓ ਥਾਣਾ ਕਾਠਗੜ੍ਹ ਅਭਿਸ਼ੇਕ ਸ਼ਰਮਾ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਗਰ ਟੋਲ ਪਲਾਜ਼ਾ ਬੱਛੂਆਂ 'ਤੇ ਨਾਜਾਇਜ਼ ਤੌਰ 'ਤੇ ਕੋਈ ਵਾਹਨ ਪਾਰਕ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨ ਕਬਜ਼ੇ ਵਿੱਚ ਲਿਆ ਜਾਵੇਗਾ |
ਟੋਲ ਪਲਾਜ਼ਾ ਬੱਛੂਆਂ ਨੇੜੇ ਦਿਨ ਅਤੇ ਰਾਤ ਸਮੇਂ ਬਿਨਾਂ ਸੰਕੇਤ ਲਾਈਟਾਂ ਖੜ੍ਹੇ ਭਾਰੀ ਵਾਹਨ ਹਾਦਸਿਆਂ ਨੂੰ ਦੇ ਰਹੇ ਸੱਦਾ
ਅਜੀਤ ਡੈਸਕ
23-02-2026