ਪੱਸੀ ਕੰਢੀ, 23 ਫਰਵਰੀ (ਜਗਤਾਰ ਸਿੰਘ ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਰੋਹਿਤ ਬਰੂਟਾ ਸੀਨੀਅਰ ਮੈਡੀਕਲ ਅਫ਼ਸਰ ਪੀ .ਐਚ .ਸੀ ਮੰਡ ਭੰਡੇਰ ਅਤੇ ਜ਼ਿਲਾ ਤਪਦਿਕ ਅਫ਼ਸਰ ਡਾਕਟਰ ਸ਼ਕਤੀ ਸ਼ਰਮਾ ਦੀ ਯੋਗ ਅਗਵਾਈ ਹੇਠ ਸਲੱਮ ਏਰੀਆ ਮੱਕੋਵਾਲ ਵਿਖੇ ਤਪਦਿਕ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ ਅਤੇ ਸੀ.ਐੱਚ.ਓ. ਹਰਕੀਰਤ ਸਿੰਘ ਦੱਸਿਆ ਕਿ ਟੀ.ਬੀ. ਮੁਕਤ ਭਾਰਤ ਅਭਿਆਨ ਅਧੀਨ ਭਾਰਤ ਨੂੰ ਟੀ .ਬੀ ਮੁਕਤ ਕਰਨ ਦਾ ਟੀਚਾ ਹੈ ਮਿਥਿਆ ਗਿਆ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਟੀ.ਬੀ. ਦੇ ਮੁੱਢਲੇ ਲੱਛਣਾਂ ਸਬੰਧੀ ਜਾਣਕਾਰੀ ਹੋਣੀ ਜਰੂਰੀ ਹੈ | ਉਨ੍ਹਾਂ ਨੇ ਦੱਸਿਆ ਕਿ ਦੋ ਜਾਂ ਦੋ ਹਫਤੇ ਤੋਂ ਜਿਆਦਾ ਖੰਗ, ਭਾਰ ਦਾ ਘਟਨਾ, ਭੁੱਖ ਦਾ ਘਟਨਾ, ਸ਼ਾਮ ਸਮੇਂ ਬੁਖ਼ਾਰ ਹੋਣਾ, ਬਲਗਮ ਦੇ ਨਾਲ ਖੂਨ ਆਉਣਾ, ਰਾਤ ਨੂੰ ਸੁੱਤੇ ਹੋਏ ਪਸੀਨਾ ਆਉਣਾ ਟੀ.ਬੀ. ਦੇ ਮੁੱਖ ਲੱਛਣ ਹਨ | ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਲੱਛਣ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿੱਚ ਐਕਸ ਰੇ ਅਤੇ ਟੈਸਟ ਕਰਵਾਉਣੇ ਚਾਹੀਦੇ ਹਨ | ਮਰੀਜ਼ਾਂ ਦੇ ਸਾਰੇ ਟੈਸਟ ਤੇ ਐਕਸ ਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ.ਐਚ .ਓ ਹਰਕੀਰਤ ਸਿੰਘ, ਬਲੇ ਰਾਮ, ਦੀਵਾਨ ਚੰਦ, ਰਚਨਾ, ਸੋਨਾ, ਲੱਛਮੀ ਆਦਿ ਹਾਜ਼ਰ ਸਨ |