ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਜ਼ਿਲ੍ਹੇ 'ਚ ਚੱਲ ਰਹੀਆਂ ਬੋਰਡ ਪ੍ਰੀਖਿਆਵਾਂ ਦੌਰਾਨ ਅੱਠਵੀਂ ਕਲਾਸ ਦੀ ਗਣਿਤ ਪ੍ਰੀਖਿਆ ਦੀ ਪਾਰਦਰਸ਼ਤਾ ਅਤੇ ਨਕਲ-ਰਹਿਤ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:) ਹਰਜਿੰਦਰ ਕੌਰ ਨੇ ਵੱਖ-ਵੱਖ ਪਰੀਖਿਆ ਕੇਂਦਰਾਂ ਦਾ ਅਚਾਨਕ ਦੌਰਾ ਕੀਤਾ | ਉਨ੍ਹਾਂ ਨੇ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਪੀਡੀ ਆਰਿਆ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ, ਕਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਅਤੇ ਮਾਈ ਭਗਵਤੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਦਾ ਦੌਰਾ ਕਰਕੇ ਪਰੀਖਿਆ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ | ਨਿਰੀਖਣ ਦੌਰਾਨ ਉਨ੍ਹਾਂ ਨੇ ਪਰੀਖਿਆ ਕਮਰਿਆਂ ਵਿੱਚ ਬੈਠਣ ਦੀ ਵਿਵਸਥਾ, ਪ੍ਰਸ਼ਨ ਪੱਤਰਾਂ ਦੀ ਗੁਪਤਤਾ, ਡਿਊਟੀ 'ਤੇ ਤਾਇਨਾਤ ਅਧਿਆਪਕਾਂ ਦੀ ਹਾਜ਼ਰੀ, ਉੱਡਨ ਦਸਤਿਆਂ ਦੀ ਸਰਗਰਮੀ ਅਤੇ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਦੀ ਜਾਂਚ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਬੋਰਡ ਪ੍ਰੀਖਿਆਵਾਂ ਨਕਲ-ਰਹਿਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੜਬੜੀ ਮਿਲਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |