ਨਵਾਂਸ਼ਹਿਰ, 24 ਫਰਵਰੀ (ਜਸਬੀਰ ਸਿੰਘ ਨੂਰਪੁਰ)-ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਕਾਲਜ ਦੇ ਸੋਸ਼ਲ ਸਾਇੰਸਿਜ਼ ਫੋਰਮ ਦੀ ਇੰਚਾਰਜ ਡਾ. ਰੂਬੀ ਬਾਲਾ ਦੀ ਰਹਿਨੁਮਾਈ 'ਚ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਨੂੰ ਬੱਚਿਆਂ ਦੀ ਸੁਰੱਖਿਆ, ਅਧਿਕਾਰਾਂ ਸੰਬੰਧੀ ਕਾਨੂੰਨਾਂ ਅਤੇ ਜਾਗਰੂਕਤਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ | ਕਾਲਜ ਦੀ ਪਿ੍ੰਸੀਪਲ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਦੱਸਿਆ ਕਿ ਇਸ ਮੌਕੇ 'ਤੇ ਵੱਖ-ਵੱਖ ਖੇਤਰਾਂ ਦੇ ਤਿੰਨ ਵਿਸ਼ੇਸ਼ ਗਿਆਨਾਂ ਨੇ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੌਰਾਨ ਸਿੱਖਿਆ, ਪੁਲਿਸ, ਆਂਗਣਵਾੜੀ ਅਤੇ ਹੈਲਥ ਵਿਭਾਗ ਤੋਂ ਕਰਮਚਾਰੀਆਂ ਨੇ ਸ਼ਿਰਕਤ ਕੀਤੀ | ਕੰਜਨ ਅਰੋੜਾ (ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ, ਨਵਾਂਸ਼ਹਿਰ) ਨੇ ਜੁਵੇਨਾਈਲ ਜਸਟਿਸ ਐਕਟ 2021 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੀ ਦੇਖਭਾਲ ਤੇ ਸੁਰੱਖਿਆ ਸਬੰਧੀ ਕਾਨੂੰਨੀ ਪ੍ਰਾਵਧਾਨਾਂ ਨੂੰ ਸਮਝਾਇਆ | ਸੋਨੀਆ ਅੰਗਰਿਸ਼ (ਚੇਅਰਪਰਸਨ, ਚਾਈਲਡ ਵੈਲਫੇਅਰ ਕਮੇਟੀ, ਨਵਾਂਸ਼ਹਿਰ) ਨੇ ਬੱਚਿਆਂ ਦੇ ਅਧਿਕਾਰਾਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰ ਬੱਚੇ ਨੂੰ ਸੁਰੱਖਿਆ, ਸਿੱਖਿਆ ਅਤੇ ਸਨਮਾਨ ਪੂਰਵਕ ਜੀਵਨ ਜਿਉਣ ਦਾ ਅਧਿਕਾਰ ਹੈ | ਅੰਤ ਵਿਚ ਪੋਕਸੋ ਐਕਟ 2015 ਦੀਆਂ ਕਿਤਾਬਾਂ ਵੀ ਵੰਡੀਆਂ ਗਈਆਂ |
ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ 'ਚ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਤੇ ਸਮਰੱਥਾ ਨਿਰਮਾਣ ਸਮਾਗਮ
ਅਜੀਤ ਡੈਸਕ
25-02-2026