10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕਿਸਾਨ ਪਸ਼ੂ ਪਾਲਕਾਂ ਨੂੰ ਇਲਾਜ ਲਈ ਜਾਣਾ ਪੈਂਦਾ ਹੈ ਦੂਰ-ਦੁਰਾਡੇ ਕਾਠਗੜ੍ਹ ਖੇਤਰ 'ਚ ਪਸ਼ੂਆਂ ਦੇ ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਕੋਈ ਵੀ ਡਾਕਟਰ ਨਾ ਹੋਣ ਕਾਰਨ ਪਸ਼ੂ ਪਾਲਕਾਂ 'ਚ ਗੁੱਸੇ ਦੀ ਲਹਿਰ

Ad Position 21
No active advertisement
ਪਿੰਡ ਭਰਥਲਾ ਦੀ ਸੁੰਨਸਾਨ ਪਈ ਪਸ਼ੂ ਡਿਸਪੈਂਸਰੀ | ਤਸਵੀਰ : ਕਲੇਰ <br/> 25-02-2026
ਕੀ ਕਹਿਣਾ ਕਾਂਗਰਸੀ ਆਗੂ ਅਜੇ ਮੰਗੂਪੁਰ ਦਾ
ਜਦੋਂ ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਨਿਕੰਮੀ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਸੁੱਤੀ ਪਈ ਹੈ | ਅਸੀ ਪ੍ਰਦਰਸ਼ਨ ਕਰਕੇ ਵਾਰ-ਵਾਰ ਇਸ ਨੂੰ ਜਗਾਉਣ ਦਾ ਹੀਲਾ ਵਰਤਿਆ ਪਰ ਇਹ ਸਰਕਾਰ ਕੁੰਭਕਰਨ ਨੀਂਦ ਸੁੱਤੀ ਪਈ ਹੈ | ਜੇਕਰ ਇਸ ਸਰਕਾਰ ਨੇ ਜਲਦੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਵੈਟਰਨਰੀ ਡਾਕਟਰ ਨਾ ਭੇਜੇ ਤਾਂ ਅਸੀਂ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਾਂਗੇ, ਜਿਸ ਨਾਲ ਸਰਕਾਰ ਦੀ ਨੀਂਦ ਖੁੱਲ੍ਹ ਜਾਵੇਗੀ |


ਕੀ ਕਹਿਣਾ ਵਿਧਾਇਕਾ ਕਟਾਰੀਆ ਦਾ
ਇਸ ਸੰਬੰਧੀ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਬਲਾਚੌਰ ਨਾਲ ਗੱਲਬਾਤ ਤਾਂ ਉਨ੍ਹਾਂ ਦੱਸਿਆ ਕਿ ਮੈਂ ਸੰਬੰਧਿਤ ਮੰਤਰੀ ਨਾਲ ਗੱਲ ਕਰਕੇ ਇਨ੍ਹਾਂ ਖ਼ਾਲੀ ਥਾਵਾਂ 'ਤੇ ਡਾਕਟਰ ਅਤੇ ਹੋਰ ਸੰਬੰਧਿਤ ਸਟਾਫ ਨੂੰ ਜਲਦੀ ਭੇਜਾਂਗੇ ਤਾਂ ਜੋ ਪਸ਼ੂ ਪਾਲਕ ਕਿਸਾਨਾਂ ਨੂੰ ਪਸ਼ੂ ਦੇ ਇਲਾਜ ਲਈ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ |


ਹਰਸਿਮਰਨ ਜੋਤ ਸਿੰਘ ਕਲੇਰ
ਕਾਠਗੜ੍ਹ, 24 ਫਰਵਰੀ-ਕਾਠਗੜ੍ਹ ਦੇ ਇਲਾਕੇ ਵਿੱਚ ਵੱਖ-ਵੱਖ ਪਿੰਡਾਂ 'ਚ ਸਰਕਾਰ ਵਲੋਂ ਖੋਲ੍ਹੇ ਗਏ ਪਸ਼ੂ ਹਸਤਪਾਲ ਅਤੇ ਡਿਸਪੈਂਸਰੀਆਂ ਵਿੱਚ ਸਰਕਾਰ ਵਲੋਂ ਕੋਈ ਵੀ ਡਾਕਟਰ ਨਾ ਭੇਜੇ ਜਾਣ ਕਾਰਨ ਇਨ੍ਹਾਂ ਹਸਪਤਾਲਾਂ ਦੀਆਂ ਇਮਾਰਤਾਂ ਸਫੈਦ ਹਾਥੀ ਹੀ ਸਾਬਤ ਹੋ ਰਹੀਆਂ ਹਨ | ਇਹ ਇਲਾਕਾ ਪਸ਼ੂ ਪਾਲਕ ਕਿਸਾਨਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ | ਇੱਥੇ ਕੰਡੀ ਅਤੇ ਬੇਟ ਖੇਤਰ 'ਚ ਅਨੇਕਾਂ ਵੱਡੀਆਂ-ਵੱਡੀਆਂ ਡੇਅਰੀਆਂ ਹਨ | ਜਿੱਥੋਂ ਰੋਜ਼ਾਨਾ ਹੀ ਹਜ਼ਾਰਾਂ ਲੀਟਰ ਦੁੱਧ ਵੇਰਕਾ, ਅਮੁੱਲ, ਮੋਹਾਲੀ, ਮਨੀਮਾਜਰਾ, ਚੰਡੀਗੜ੍ਹ ਅਤੇ ਹਿਮਾਚਲ ਵੱਲ ਵੀ ਭੇਜਿਆ ਜਾਂਦਾ ਹੈ ਪਰ ਬੜੇ ਹੀ ਦੁੱਖ ਦੀ ਗੱਲ ਹੈ ਜਦੋਂ ਪਸ਼ੂ ਪਾਲਕਾਂ ਦੇ ਡੰਗਰ ਬਿਮਾਰ ਹੁੰਦੇ ਹਨ | ਉਨ੍ਹਾਂ ਦਾ ਇਲਾਜ ਕਰਨ ਲਈ ਕੋਈ ਵੀ ਵੈਟਰਨਰੀ ਡਾਕਟਰ ਜਾਂ ਵੈਟਰਨਰੀ ਇੰਸੈਪਕਟਰ ਹਾਜ਼ਰ ਨਹੀਂ ਹੁੰਦਾ | ਜਿਸ ਲਈ ਪਸ਼ੂ ਪਾਲਕਾਂ ਨੂੰ ਆਪਣੇ ਡੰਗਰਾਂ ਦਾ ਇਲਾਜ ਕਰਵਾਉਣ ਲਈ ਨਵਾਂਸ਼ਹਿਰ (ਮਹਾਲੋਂ) ਰੋਪੜ ਜਾਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਜਾਣਾ ਪੈਂਦਾ ਹੈ | ਬੜੀ ਹੈਰਾਨੀ ਦੀ ਗੱਲ ਹੈ ਕਿ ਪਸ਼ੂ ਪਾਲਕ ਕਿਸਾਨਾਂ ਵਲੋਂ ਸਰਕਾਰ ਨੂੰ ਵਾਰ-ਵਾਰ ਅਰਜ਼ੋਈਆਂ ਕਰਨ ਦੇ ਬਾਵਜੂਦ ਇਨ੍ਹਾਂ ਪਸ਼ੂ ਹਸਤਪਾਲਾਂ ਜਾ ਡਿਸਪੈਂਸਰੀਆਂ ਵਿੱਚ ਕੋਈ ਵੀ ਵੈਟਰਨਰੀ ਡਾਕਟਰ ਜਾਂ ਵੈਟਰਨਰੀ ਇੰਸਪੈਕਟਰ ਨਹੀਂ ਭੇਜਿਆ ਗਿਆ | ਜਿਸ ਕਾਰਨ ਸਰਕਾਰ ਪ੍ਰਤੀ ਪਸ਼ੂ ਪਾਲਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪੁੱਜ ਗਿਆ ਹੈ | ਕਾਠਗੜ੍ਹ ਕਸਬੇ 'ਚ ਪਸ਼ੂ ਹਸਪਤਾਲ ਲਗਪਗ 60 ਪਿੰਡਾਂ ਦਾ ਕੇਂਦਰ ਹੈ | ਜਿੱਥੇ ਲੋਕ ਬਿਮਾਰ ਪਸ਼ੂ ਲੈ ਕੇ ਆਉਂਦੇ ਹਨ ਪਰ ਇੱਥੇ ਕੋਈ ਵੀ ਵੈਟਰਨਰੀ ਡਾਕਟਰ ਜਾਂ ਵੈਟਰਨਰੀ ਇੰਸੈਪਕਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ | ਉੱਥੇ ਸਿਰਫ ਇੱਕ ਸੇਵਾਦਾਰ ਹੀ ਡੰਗ ਟਪਾਉਂਦਾ ਹੈ | ਜੇਕਰ ਪਿੰਡ ਟੌਂਸਾ ਦੀ ਗੱਲ ਕਰੀਏ ਤਾਂ ਉੱਥੇ ਵੀ ਸਿਰਫ ਇਮਾਰਤ ਖ਼ਾਲੀ ਹੈ ਅਤੇ ਖ਼ਾਲੀ ਇਮਾਰਤ ਡਾਕਟਰਾਂ ਦੀ ਉਡੀਕ ਕਰ ਰਹੀ ਹੈ | ਇਸੇ ਤਰ੍ਹਾਂ ਪਿੰਡ ਭਰਥਲਾ ਦੀ ਡਿਸਪੈਂਸਰੀ 'ਚ ਕੋਈ ਵੀ ਫਾਰਮਾਸਿਸਟ ਨਹੀਂ, ਸਿਰਫ ਉੱਥੇ ਪਿੰਡ ਦੇ ਬੱਚਿਆਂ ਨੇ ਖੇਡ ਮੈਦਾਨ ਬਣਾਇਆ ਹੋਇਆ ਹੈ | ਪਿੰਡ ਨਿੱਘੀ ਦੀ ਡਿਸਪੈਂਸਰੀ ਵਿੱਚ ਕੇਵਲ ਇੱਕ ਵੈਟਰਨਰੀ ਇੰਸਪੈਕਟਰ ਹੀ ਬੁੱਤਾ ਸਾਰ ਰਿਹਾ ਹੈ | ਗਊਸ਼ਾਲਾ ਵੀ ਡਾਕਟਰਾਂ ਨੂੰ ਤਰਸ ਰਹੀ ਹੈ | ਜਿਸ ਕਰਕੇ ਇਲਾਕੇ ਭਰ ਦੇ ਪਸ਼ੂ ਪਾਲਕਾਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਪਸ਼ੂ ਧਨ ਨੂੰ ਬਚਾਉਣ ਲਈ ਵੈਟਰਨਰੀ ਹਸਤਪਾਲਾਂ ਅਤੇ ਡਿਸਪੈਂਸਰੀਆਂ ਵਿੱਚ ਤੁਰੰਤ ਡਾਕਟਰ ਅਤੇ ਸਬੰਧਤ ਸਫਾਟ ਭੇਜ ਕੇ ਲੋਕਾਂ ਦੀ ਮੁੱਖ ਮੁਸ਼ਕਿਲ ਦਾ ਹੱਲ ਕੀਤਾ ਜਾਵੇ | ਇਹਨਾਂ ਹਸਪਤਾਲਾਂ ਵਿੱਚ ਡਾਕਟਰ ਨਾ ਹੋਣ ਕਾਰਨ ਜਦੋਂ ਇਸ ਸਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਰਜ਼ੀ ਡਿਪਟੀ ਡਾਇਰੈਕਟਰ ਅਤੇ ਵੈਟਰਨਰੀ ਅਫਸਰ ਸ਼ਮਸ਼ੇਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆਂ ਕਿ ਅਸੀਂ ਸਰਕਾਰ ਨੂੰ ਇਨ੍ਹਾਂ ਹਸਤਪਾਲਾਂ ਅਤੇ ਡਿਸਪੈਂਸਰੀਆਂ ਵਿੱਚ ਡਾਕਟਰ ਨਾ ਹੋਣ ਸਬੰਧੀ ਕਈ ਵਾਰ ਦੱਸ ਚੁੱਕੇ ਹਾਂ | ਪਰ ਉਮੀਦ ਕੀਤੀ ਜਾਂਦੀ ਹੈ ਸਰਕਾਰ ਵਲੋਂ ਜਲਦੀ ਹੀ ਖਾਲੀ ਥਾਵਾਂ 'ਤੇ ਸਟਾਫ ਭੇਜਿਆ ਜਾਵੇਗਾ | ਜਿਸ ਕਾਰਨ ਪਸ਼ੂ ਪਾਲਕਾਂ ਨੂੰ ਰਾਹਤ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਖੇਤਰ 'ਚ ਪਸ਼ੂਆਂ ਦੇ ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਕੋਈ ਵੀ ਡਾਕਟਰ ਨਾ ਹੋਣ ਕਾਰਨ ਪਸ਼ੂ ਪਾਲਕਾਂ 'ਚ ਗੁੱਸੇ... ਅਗਲੀ ਖ਼ਬਰ ਸੰਤੁਲਨ ਵਿਗੜਨ ਨਾਲ ਕਾਰ ਡਿਵਾਈਡਰ 'ਤੇ ਚੜ੍ਹ ਕੇ ਦੂਸਰੇ ਪਾਸੇ ਡਿੱਗੀ
Ad Position 24