ਨਵਾਂਸ਼ਹਿਰ, 24 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਲਾਗਲੇ ਪਿੰਡ ਲੰਗੜੋਆ ਦੀ ਸੰਤ ਬਾਬਾ ਕਰਮ ਸਿੰਘ ਸਪੋਰਟਸ ਕਲੱਬ ਦੀ 'ਏ' ਟੀਮ ਬਰਨਾਲਾ ਕਲਾਂ ਨੂੰ ਇਕ ਫਸਵੇਂ ਮੁਕਾਬਲੇ 'ਚ 5-4 ਦੇ ਫ਼ਰਕ ਨਾਲ਼ ਹਰਾ ਕੇ ਜੇਤੂ ਰਹੀ | ਪਿੰਡ ਦੇ ਸਰਪੰਚ ਸੇਵਾ ਮੁਕਤ ਐਸ. ਡੀ. ਓ ਗੁਰਦੇਵ ਸਿੰਘ ਪਾਬਲਾ ਨੇ ਦੱਸਿਆ ਕਿ ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਕਰਵਾਏ 19ਵੇਂ ਸਾਲਾਨਾ ਟੂਰਨਾਮੈਂਟ 'ਚ ਫਾਈਨਲ ਮੁਕਾਬਲਾ ਸੰਤ ਬਾਬਾ ਕਰਮ ਸਿੰਘ ਸਪੋਰਟਸ ਕਲੱਬ ਲੰਗੜੋਆ ਦਾ ਬਰਨਾਲਾ ਕਲੱਬ ਨਾਲ਼ ਸੀ | ਨਿਯਮਤ ਸਮੇਂ 'ਚ ਦੋਨੋਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ | ਵਾਧੂ ਸਮੇਂ 'ਚ ਫੈਸਲਾ ਪੈਨਲਟੀ ਕਾਰਨਰ ਦੁਆਰਾ ਹੋਇਆ | ਜਿਸ 'ਚ ਲੰਗੜੋਆ ਦੀ ਟੀਮ 5-4 ਦੇ ਫ਼ਰਕ ਨਾਲ ਜੇਤੂ ਰਹੀ | ਮੈਚ ਦੌਰਾਨ ਵਧੀਆ ਖੇਡਣ ਵਾਲੇ ਫੁੱਟਬਾਲ ਖਿਡਾਰੀ ਹਰਪ੍ਰੀਤ ਸਿੰਘ ਹਰੀਆ ਨੂੰ ਬੈਸਟ ਡਿਫੈਂਡਰ ਐਲਾਨਿਆ ਗਿਆ | ਗ੍ਰਾਮ ਪੰਚਾਇਤ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਸੰਤ ਬਾਬਾ ਕਰਮ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ, ਭੁਪਿੰਦਰ ਸਿੰਘ ਜਥੇਦਾਰ ਅਤੇ ਸਕੱਤਰ ਮੋਹਣ ਸਿੰਘ ਜੇ. ਈ ਵਲੋਂ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਸਨਮਾਨਿਤ ਕੀਤਾ ਗਿਆ |