ਰੱਤੇਵਾਲ, 24 ਫਰਵਰੀ (ਅਸ਼ੋਕ ਕੁਮਾਰ ਲੀਲ)-ਰੱਤੇਵਾਲ-ਕਾਠਗੜ੍ਹ ਸੜਕ ਅਤੇ ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਬੇਸਹਾਰਾ ਪਸ਼ੂ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ | ਆਏ ਦਿਨ ਇਨ੍ਹਾਂ ਬੇਸਹਾਰਾਂ ਪਸ਼ੂਆਂ ਕਾਰਨ ਹਾਦਸੇ ਹੁੰਦੇ ਹਨ ਅਤੇ ਕਈ ਕੀਮਤੀ ਜਾਨਾਂ ਦੁਨੀਆ ਤੋਂ ਰੁਖ਼ਸਤ ਹੋ ਜਾਂਦੀਆਂ ਹਨ | ਪ੍ਰੰਤੂ ਇਸ ਗੰਭੀਰ ਸਮੱਸਿਆ ਸੰਬੰਧੀ ਪ੍ਰਸ਼ਾਸਨ ਅਤੇ ਸਰਕਾਰ ਦਾ ਕੋਈ ਧਿਆਨ ਨਹੀਂ ਜਾ ਰਿਹਾ | ਸੜਕਾਂ 'ਤੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਗਿਣਤੀ ਦਾ ਵਧਣਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਜਿੱਥੇ ਲੋਕ ਦੁੱਧ ਨਾ ਦੇਣ ਕਾਰਨ ਇਨ੍ਹਾਂ ਨੂੰ ਛੱਡ ਦਿੰਦੇ ਹਨ, ਉੱਥੇ ਬਾਹਰੋਂ ਲਿਆ ਕੇ ਵੀ ਲੋਕ ਗੱਡੀਆਂ 'ਚ ਕਾਠਗੜ੍ਹ ਏਰੀਏ ਵਿੱਚ ਛੱਡ ਜਾਂਦੇ ਹਨ | ਜਿਸ ਨਾਲ ਇਹ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ | ਰਾਤ ਸਮੇਂ ਰੱਤੇਵਾਲ-ਕਾਠਗੜ੍ਹ ਸੜਕ 'ਤੇ ਸਫ਼ਰ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ, ਕਿਉਂਕਿ ਰਾਤ ਸਮੇਂ ਅੱਗਿਓਾ ਲਾਈਟਾਂ ਪੈਣ ਕਾਰਨ ਇਹ ਬੇਸਹਾਰਾ ਪਸ਼ੂ ਨਜ਼ਰ ਨਹੀਂ ਆਉਂਦੇ | ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਬਲਾਚੌਰ ਤੋਂ ਰੋਪੜ ਤੱਕ ਆਏ ਦਿਨ ਕੋਈ ਨਾ ਕੋਈ ਹਾਦਸਾ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਹੁੰਦਾ ਹੈ, ਜਿਨ੍ਹਾਂ 'ਚ ਜ਼ਿਆਦਾਤਰ ਹਾਦਸੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਅਚਾਨਕ ਵਾਹਨਾਂ ਅੱਗੇ ਆਉਣ ਕਾਰਨ ਵਾਪਰਦੇ ਹਨ | ਨੈਸ਼ਨਲ ਹਾਈਵੇ 'ਤੇ ਵੀ ਇਹਨਾਂ ਬੇਸਹਾਰਾ ਪਸ਼ੂਆਂ ਦੀ ਤਾਦਾਦ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ | ਕੋਈ ਵੀ ਸਮਾਜਿਕ ਸੰਗਠਨ, ਸਰਕਾਰ ਜਾਂ ਪ੍ਰਸ਼ਾਸਨ ਇਹਨਾਂ ਵੱਲ ਧਿਆਨ ਨਹੀਂ ਦੇ ਰਿਹਾ, ਪ੍ਰੰਤੂ ਜਦੋਂ ਕੋਈ ਅਣਸੁਖਾਂਵੀ ਘਟਨਾ ਵਾਪਰ ਜਾਂਦੀ ਹੈ ਉਦੋਂ ਸਮਾਜਿਕ, ਰਾਜਨੀਤਿਕ ਸੰਗਠਨਾਂ ਦੀਆਂ ਕੁੱਝ ਸਮੇਂ ਲਈ ਅੱਖਾਂ ਜ਼ਰੂਰ ਖੁੱਲ੍ਹਦੀਆਂ ਹਨ | ਜਦ ਕਿ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਮੁੱਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ |