ਕਾਠਗੜ੍ਹ, 26 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਰੈਲਮਾਜਰਾ ਟੋਪਾਨ ਫੈਕਟਰੀ ਦੇ ਸਾਹਮਣੇ ਬੇਸਹਾਰਾ ਗਾਂ ਦੀ ਕਾਰ ਨਾਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐਸ.ਐਫ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਰੈਲਮਾਜਰਾ ਨੇੜੇ ਟੋਪਾਨ ਫੈਕਟਰੀ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਹੈ | ਉਨ੍ਹਾਂ ਨੇ ਤੁਰੰਤ ਜਾ ਕੇ ਦੇਖਿਆ ਕਿ ਇੱਕ ਆਟਿਕਾ ਕਾਰ ਜਿਸ ਦਾ ਨੰਬਰ ਪੀ.ਬੀ 01 ਡੀ 8023 ਜਿਸ ਨੂੰ ਰਵੀ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਸਾਹਨੇਵਾਲ ਲੁਧਿਆਣਾ ਚਲਾ ਰਿਹਾ ਸੀ | ਇਹ ਕਾਰ ਰੋਪੜ ਤੋਂ ਬਲਾਚੌਰ ਸਾਈਡ ਜਾ ਰਹੀ ਸੀ, ਜਦੋਂ ਇਹ ਕਾਰ ਉਪਰੋਕਤ ਸਥਾਨ 'ਤੇ ਪਹੁੰਚੀ ਤਾਂ ਇਸ ਦੇ ਸਾਹਮਣੇ ਇੱਕ ਬੇਸਹਾਰਾ ਗਾਂ ਆ ਗਈ, ਜਿਸ ਨੂੰ ਬਚਾਉਣ ਲਈ ਡਰਾਈਵਰ ਨੇ ਬ੍ਰੇਕ ਮਾਰੀ ਪਰ ਕਾਰ ਗਾਂ ਵਿੱਚ ਜਾ ਵੱਜੀ ਜਿਸ ਨਾਲ ਗਾਂ ਗੰਭੀਰ ਜਖਮੀ ਹੋ ਗਈ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ | ਐਸ.ਐਸ.ਐਫ ਦੀ ਟੀਮ ਵਲੋਂ ਜ਼ਖ਼ਮੀ ਗਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਾਇਡ 'ਤੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ |