ਨਵਾਂਸ਼ਹਿਰ, 26 ਫਰਵਰੀ (ਜਸਬੀਰ ਸਿੰਘ ਨੂਰਪੁਰ)-ਪਾਠਕ ਸੱਥ ਨਵਾਂਸ਼ਹਿਰ ਵਲੋਂ ਇੱਕ ਸਮਾਗਮ ਬੇਗਮਪੁਰਾ ਕਿਤਾਬ ਘਰ ਵਿਖੇ ਕਰਵਾਇਆ ਗਿਆ | ਇਸ ਵਿੱਚ ਸੰਦੀਪ ਨਈਅਰ ਦੇ ਨਾਵਲ 'ਕੈਂਪਸ 1996' ਦਾ ਦੂਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ | ਨਾਵਲ ਬਾਰੇ ਇੰਜੀ. ਜਸਵੀਰ ਸਿੰਘ ਮੋਰੋਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਨਾਵਲ ਕਾਲਜ ਦੀ ਜ਼ਿੰਦਗੀ 'ਤੇ ਅਧਾਰਤ ਹੈ | ਕਾਲਜਾਂ ਅੰਦਰ ਵਿਦਿਆਰਥੀਆਂ ਦੇ ਵਿਚਾਰਕ ਮਤਭੇਦਾਂ ਕਾਰਨ ਪੈਦਾ ਹੁੰਦੇ ਮਸਲਿਆਂ ਬਾਰੇ ਚਰਚਾ ਕਰਦਾ ਹੈ | ਬਗੀਚਾ ਸਿੰਘ ਸਹੂੰਗੜਾ ਨੇ ਕਿਹਾ ਕਿ ਅਜੋਕੇ ਸਮੇਂ ਸਿੱਖਿਆ ਦਾ ਨਿੱਜੀਕਰਨ ਹੋਣ ਕਾਰਨ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧੀਆਂ ਹਨ | ਪ੍ਰੰਤੂ ਵਿਦਿਆਰਥੀ ਮੁਸ਼ਕਿਲਾਂ ਪ੍ਰਤੀ ਜਥੇਬੰਦ ਹੋ ਕੇ ਸੰਘਰਸ਼ਸ਼ੀਲ ਨਹੀਂ ਹੋ ਰਹੇ | ਵਿਦਿਆਰਥੀ ਲਹਿਰ ਦੀ ਉਸਾਰੀ ਸਮੇਂ ਦੀ ਵੱਡੀ ਲੋੜ ਹੈ | ਸੰਦੀਪ ਨਈਅਰ ਨੇ ਕਿਹਾ ਕਿ ਮੇਰਾ ਇਹ ਪਹਿਲਾ ਨਾਵਲ ਹੈ | ਇਸ ਨੂੰ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ | ਇਸ ਕਰਕੇ ਪੁਸਤਕ ਪਾਠਕ ਸੱਥ ਵਲੋਂ ਇਸ ਨੂੰ ਦੁਬਾਰਾ ਛਾਪਿਆ ਗਿਆ ਹੈ | ਇਸ ਮੌਕੇ ਭੁਪਿੰਦਰ ਬੇਗਮਪੁਰੀ ਸਰਪੰਚ, ਰਾਣਾ ਬੇਗਮਪੁਰੀ, ਮੈਡਮ ਨੀਲਮ ਅਤੇ ਸੰਤੋਸ਼ ਮੈਡਮ ਅਤੇ ਸੰਦੀਪ ਨਈਅਰ ਹਾਜ਼ਰ ਰਹੇ | ਜਸਵੀਰ ਬੇਗਮਪੁਰੀ ਨੇ ਲੇਖਕ ਨੂੰ ਵਧਾਈ ਦਿੰਦਿਆਂ ਸਮਾਗਮ ਵਿੱਚ ਹਾਜ਼ਰ ਹੋਏ ਸਭਨਾਂ ਦਾ ਧੰਨਵਾਦ ਕੀਤਾ |